ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 16 ਅਗਸਤ
‘ਆਪ’ ਦੇ ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਬਾਬੂ ਲਾਲ ਸਣੇ ਛੇ ਖ਼ਿਲਾਫ਼ ਸਿਟੀ ਪੁਲੀਸ ਕੋਟਕਪੂਰਾ ਨੇ ਕਥਿਤ ਤੌਰ ’ਤੇ ਇੱਕ ਮੰਦਰ ਦੇ ਕਬਜ਼ੇ ਲਈ ਲੜਾਈ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਹਾਲ ਦੀ ਘੜੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਦੂਜੇ ਪਾਸੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਅੱਜ ਇੱਥੇ ਮੀਟਿੰਗ ਕਰ ਕੇ ਸਪਸ਼ਟ ਕੀਤਾ ਕਿ ਬਾਬੂ ਲਾਲ ਅਤੇ ਇੱਕ ਹੋਰ ਵਕੀਲ ਅਵੀਨਾਸ਼ ਕੌਰ ਖ਼ਿਲਾਫ਼ ਦਰਜ ਕੀਤਾ ਕੇਸ ਝੂਠਾ ਹੈ। ਉਨ੍ਹਾਂ ਨੇ ਪੁਲੀਸ ਕਾਰਵਾਈ ਨੂੰ ਗ਼ੈਰਕਾਨੂੰਨੀ ਐਲਾਨਦਿਆਂ ਆਪਣੇ ਸਾਥੀਆਂ ਦੇ ਹੱਕ ਵਿੱਚ ਹੜਤਾਲ ਕੀਤੀ ਅਤੇ ਅਦਾਲਤਾਂ ਦੇ ਕੰਮ ਦਾ ਬਾਈਕਾਟ ਕੀਤਾ। ਵਕੀਲਾਂ ਦੇ ਵਫ਼ਦ ਨਾਲ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਰਾਜਪਾਲ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਪੜਤਾਲ ਕਰਵਾਉਣਗੇ ਤੇ ਕਿਸੇ ਵੀ ਧਿਰ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਕੱਤਰ ਸਰਨਾਮ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਲਈ ਆਪਣੇ ਪੱਧਰ ’ਤੇ ਵੀ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਸੁਖਜੀਤ ਕੌਰ ਵਾਸੀ ਕੋਟਕਪੂਰਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਕ੍ਰਿਸ਼ਨ ਪਾਲ, ਮੀਨਾਕਸ਼ੀ ਅਤੇ ਸੰਤੋਸ਼ ਰਾਣੀ ਨੇ ਸਾਜ਼ਿਸ਼ ਤਹਿਤ ਮੰਦਰ ’ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਅਤੇ ਗੋਲਕ ਵਿੱਚੋਂ 30 ਹਜ਼ਾਰ ਰੁਪਏ ਚੋਰੀ ਕਰ ਲਏ। ਸੁਖਜੀਤ ਕੌਰ ਨੇ ਕਿਹਾ ਕਿ ਉਹ 1988 ਤੋਂ ਮੰਦਰ ਦੀ ਸੰਭਾਲ ਕਰ ਰਹੇ ਹਨ ਪਰ ਉਕਤਾਨ ਨੇ ਮੰਦਰ ਉੱਪਰ ਕਬਜ਼ੇ ਦੀ ਕੋਸ਼ਿਸ਼ ਕਰਦਿਆਂ ਝਗੜਾ ਕੀਤਾ ਜਿਨ੍ਹਾਂ ਦੀ ਐਡਵੋਕੇਟ ਬਾਬੂ ਲਾਲ ਅਤੇ ਅਵੀਨਾਸ਼ ਕੌਰ ਨੇ ਮਦਦ ਕੀਤੀ।