ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 11 ਜੂਨ
ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਨਵੇਂ ਹੁਕਮ ਜਾਰੀ ਕਰ ਕੇ ਫ਼ਰੀਦਕੋਟ ਦੀ ਨਵੀਂ ਪੁਲੀਸ ਰੇਂਜ ਸਥਾਪਤ ਕਰ ਦਿੱਤੀ ਹੈ। ਇਸ ਨਵੀਂ ਰੇਂਜ ਵਿਚ ਮੋਗਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸੀਨੀਅਰ ਆਈਪੀਐੱਸ ਅਧਿਕਾਰੀ ਡਾਕਟਰ ਕੌਸਤੁਭ ਸ਼ਰਮਾ ਨੂੰ ਫ਼ਰੀਦਕੋਟ ਰੇਂਜ ਦਾ ਪਹਿਲਾ ਆਈ.ਜੀ. ਤਾਇਨਾਤ ਕੀਤਾ ਗਿਆ ਹੈ। ਨਵੀਂ ਰੇਂਜ ਦੇ ਹੁਕਮ ਪੰਜਾਬ ਸਰਕਾਰ ਦੇ ਵਧੀਕ ਮੁੱਖ ਗ੍ਰਹਿ ਸਕੱਤਰ ਸਤੀਸ਼ ਚੰਦਰਾ ਨੇ ਜਾਰੀ ਕੀਤੇ ਹਨ। ਪੰਜਾਬ ਵਿਚ ਹੁਣ ਪੁਲੀਸ ਰੇਂਜਾਂ ਦੀ ਸੰਖਿਆ ਵਧ ਕੇ ਅੱਠ ਹੋ ਗਈ ਹੈ। ਤਰਨਤਾਰਨ ਜ਼ਿਲ੍ਹੇ ਨੂੰ ਹੁਣ ਫ਼ਿਰੋਜ਼ਪੁਰ ਰੇਂਜ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਜ਼ਿਲ੍ਹਾ ਅੰਮ੍ਰਿਤਸਰ ਬਾਰਡਰ ਰੇਂਜ ਵਿਚ ਸ਼ਾਮਲ ਸੀ। ਅੰਮ੍ਰਿਤਸਰ ਬਾਰਡਰ ਰੇਂਜ ਵਿਚ ਹੁਣ ਅੰਮ੍ਰਿਤਸਰ ਦਿਹਾਤੀ, ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਲ ਹਨ।