ਪੱਤਰ ਪ੍ਰੇਰਕ
ਪਟਿਆਲਾ, 31 ਮਈ
ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਉੱਘੀ ਲੇਖਿਕਾ ਸੁਲਤਾਨਾ ਬੇਗ਼ਮ ਨੂੰ ਵੱਡੀ ਗਿਣਤੀ ਕਵੀਆਂ, ਲੇਖਕਾਂ ਅਤੇ ਸਨੇਹੀਆਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਕੰਵਰਇੰਦਰ ਸਿੰਘ ਰਾਣਾ ਨੇ ਦਿਖਾਈ। ਸ਼੍ਰੋਮਣੀ ਕਵੀ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪ੍ਰਧਾਨ ਦਰਸ਼ਨ ਬੁੱਟਰ ਨੇ ਸੁਲਤਾਨਾ ਬੇਗ਼ਮ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਰੂਹ ਆਪਣੀਆਂ ਕਵਿਤਾਵਾਂ ਰਾਹੀਂ ਹਮੇਸ਼ਾਂ ਜਿਉਂਦੀ ਰਹੇਗੀ। ਉੱਘੇ ਚਿੰਤਕ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਸੁਲਤਾਨਾ ਬੇਗ਼ਮ ਦੀ ਕਵਿਤਾ ਵਿੱਚੋਂ ਉਸ ਦਾ ਜੀਵਨ ਅਤੇ ਸਮਾਜ ਦੇ ਦੁੱਖ ਝਲਕਦੇ ਸਨ। ਕਵਿਤਰੀ ਮਨਜੀਤ ਇੰਦਰਾ ਨੇ ਕਿਹਾ ਕਿ ਉਹ ਤਿੰਨ ਵਾਰ ਪਾਕਿਸਤਾਨ ਗਈ, ਉੱਥੇ ਆਪਣੇ ਅੱਬਾ ਤੇ ਮਾਂ ਜਾਇਆ ਨੂੰ ਲੱਭਦੀ ਰਹੀ ਪਰ ਉਹ ਉਨ੍ਹਾਂ ਨੂੰ ਮਿਲੇ ਬਿਨਾਂ ਹੀ ਜਹਾਨ ਤੋਂ ਰੁਖ਼ਸਤ ਹੋ ਗਈ। ਉਹ ਇਸ ਵੇਲੇ ਤਿੰਨ ਕਿਤਾਬਾਂ ਲਾਲ ਬੱਤੀ, ਹਰੀ ਬੱਤੀ ਤੇ ਵਿਰਾਸਤ ਲਿਖ ਰਹੀ ਸੀ ਪਰ ਇਨ੍ਹਾਂ ਕਿਤਾਬਾਂ ਦੇ ਜ਼ਰੂਰੀ ਅੰਸ਼ ਉਹ ਆਪਣੇ ਨਾਲ ਹੀ ਲੈ ਗਈ। ਸ਼੍ਰੋਮਣੀ ਕਵੀ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸੁਲਤਾਨਾ ਬੇਗ਼ਮ ਤਾਂ ਸਾਥੋਂ ਵਿੱਛੜ ਗਈ ਹੈ ਪਰ ਉਨ੍ਹਾਂ ਦੀ ਕਵਿਤਾ ਸਦੀਵੀਂ ਹੈ। ਇਸ ਦੌਰਾਨ ਸੁਲਤਾਨਾ ਬੇਗ਼ਮ ਦੀ ਆਸਟਰੇਲੀਆ ਤੋਂ ਆਈ ਧੀ ਸਰੂ ਰਾਣਾ, ਧੀ ਸ਼ਮਸ਼ਹੀਰ ਤੇ ਜਵਾਈ ਅਵਤਾਰ ਸਿੰਘ ਰਾਣਾ ਨਾਲ ਸ਼ੁਭਚਿੰਤਕਾਂ ਨੇ ਦੁੱਖ ਸਾਂਝਾ ਕੀਤਾ। ਇਸ ਮੌਕੇ ਪਰਮਿੰਦਰਪਾਲ ਕੌਰ, ਪ੍ਰਾਣ ਸੱਭਰਵਾਲ, ਰਾਜਵੰਤ ਕੌਰ, ਅਵਤਾਰਜੀਤ, ਗਗਨਦੀਪ ਸਿੰਘ ਅਹੂਜਾ, ਚੰਨੀ ਤਕੋਲੀਆ ਅਤੇ ਹੋਰ ਮੌਜੂਦ ਸਨ।