ਨਵਕਿਰਨ ਸਿੰਘ
ਮਹਿਲ ਕਲਾਂ, 3 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੇ ਘਰ ਅੱਗੇ ਲੱਗੇ ਪੱਕੇ ਮੋਰਚੇ ਦੌਰਾਨ ਬੀਤੀ 28 ਦਸੰਬਰ ਨੂੰ ਸ਼ਹੀਦ ਹੋਏ ਕਿਸਾਨ ਆਗੂ ਮਾਸਟਰ ਸੁਖਦੇਵ ਸਿੰਘ ਗੁਰਮ (63) ਦਾ ਅੱਜ ਪਿੰਡ ਗੁਰਮ ਵਿੱਚ ਸਸਕਾਰ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਪਿਛਲੇ 6 ਦਿਨ ਤੋਂ ਸੁਖਦੇਵ ਸਿੰਘ ਗੁਰਮ ਦੀ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕੀਤਾ ਗਿਆ ਸੀ ਅਤੇ ਬੀਤੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਕਿਸਾਨ ਜਥੇਬੰਦੀ ਦੀ ਬਣੀ ਸਹਿਮਤੀ ਉਪਰੰਤ ਹੀ ਅੱਜ ਕਿਸਾਨ ਦਾ ਸਸਕਾਰ ਕੀਤਾ ਗਿਆ।
ਕਿਸਾਨਾਂ ਨੇ ਇੱਕ ਕਾਫ਼ਲੇ ਵਜੋਂ ਇਨਕਲਾਬੀ ਨਾਅਰਿਆਂ ਦੀ ਗੂੰਜ ਵਿੱਚ ਸੇਵਾਮੁਕਤ ਅਧਿਆਪਕ ਅਤੇ ਬੀਕੇਯੂ (ਉਗਰਾਹਾਂ) ਦੇ ਸਰਗਰਮ ਵਰਕਰ ਸੁਖਦੇਵ ਸਿੰਘ ਗੁਰਮ ਦੀ ਦੇਹ ਨੂੰ ਸ਼ਮਸ਼ਾਨਘਾਟ ਲਿਜਾਇਆ ਗਿਆ। ਕਿਸਾਨ ਆਗੂਆਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਸੁਖਦੇਵ ਸਿੰਘ ਗੁਰਮ ਨੂੰ ਕਿਸਾਨ ਲਹਿਰ ਦਾ ਸ਼ਹੀਦ ਐਲਾਨਿਆ।
ਸ਼ੇਰਪੁਰ (ਬੀਰਬਲ ਰਿਸ਼ੀ): ਬੀਕੇਯੂ ਉਗਰਾਹਾਂ ਦੇ ਸਰਗਰਮ ਕਾਰਕੁਨ ਸੁਖਦੇਵ ਸਿੰਘ ਫ਼ਤਹਿਗੜ੍ਹ ਪੰਜਗਰਾਈਆਂ ਦੀ ਅੱਜ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ, ਜਿਸ ਮਗਰੋਂ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਬੀਕੇਯੂ ਏਕਤਾ ਉਗਰਾਹਾਂ ਦੇ ਮੋਹਰੀ ਆਗੂ ਡਾ. ਈਸ਼ਰਪਾਲ ਸਿੰਘ ਪੰਜਗਰਾਈਆਂ ਨੇ ਦੱਸਿਆ ਕਿ ਪਿੰਡ ’ਚ ਜਥੇਬੰਦੀ ਦੇ ਲਾਮਬੰਦੀ ਪ੍ਰੋਗਰਾਮ ਦੌਰਾਨ ਪਿਛਲੇ ਦਿਨੀਂ ਉਨ੍ਹਾਂ ਨੂੰ ਅਚਾਨਕ ਅਧਰੰਗ ਦਾ ਦੌਰਾ ਪਿਆ, ਜਿਸ ਮਗਰੋਂ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਅਤੇ ਅਖ਼ੀਰ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਇਸੇ ਤਰ੍ਹਾਂ ਪਿੰਡ ਟਿੱਬਾ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਮਲਕੀਤ ਸਿੰਘ ਵੀ ਅੱਜ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ। 5-6 ਵਿੱਘੇ ਜ਼ਮੀਨ ਦਾ ਮਾਲਕ ਮਲਕੀਤ ਸਿੰਘ ਲਗਾਤਾਰ ਧਰਨਿਆਂ ’ਚ ਸ਼ਮੂਲੀਅਤ ਕਰ ਰਿਹਾ ਸੀ।
ਸਸਕਾਰ ਤੋਂ ਪਹਿਲਾ ਬੀਕੇਯੂ ਏਕਤਾ ਉਗਰਾਹਾਂ ਨੇ ਮਜ਼ਦੂਰ ਮਲਕੀਤ ਸਿੰਘ ਦੀ ਮ੍ਰਿਤਕ ਦੀ ਦੇਹ ’ਤੇ ਜਥੇਬੰਦੀ ਦਾ ਝੰਡਾ ਪਾ ਕੇ ਅੰਤਿਮ ਵਿਦਾਇਗੀ ਦਿੱਤੀ। ਸਾਬਕਾ ਵਿਦਿਆਰਥੀ ਆਗੂ ਬਲਵੀਰ ਸਿੰਘ ਟਿੱਬਾ ਨੇ ਮਲਕੀਤ ਸਿੰਘ ਨੂੰ ਕਿਸਾਨ ਲਹਿਰ ਦਾ ਸ਼ਹੀਦ ਕਹਿ ਕੇ ਸਨਮਾਨ ਦਿੱਤਾ।
ਸੰਤ ਰਾਮ ਸਿੰਘ ਤੇ ਗੁਰਪਿਆਰ ਸਿੰਘ ਭਾਗੀਵਾਂਦਰ ਨੂੰ ਸ਼ਰਧਾਂਜਲੀਆਂ
ਬਟਾਲਾ (ਦਲਬੀਰ ਸਿੰਘ ਸੱਖੋਵਾਲੀਆ): ਸੰਤ ਰਾਮ ਸਿੰਘ ਨਾਨਕਸਰ ਦੀ ਯਾਦ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਕੋਟਲਾ ਸ਼ਾਹੀਆ ਵਿੱਚ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਅੱਜ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ| ਦੱਸਣਯੋਗ ਹੈ ਕਿ ਸੰਤ ਰਾਮ ਸਿੰਘ ਨੇ ਸਿੰਘੂ ਬਾਰਡਰ ’ਤੇ 16 ਦਸੰਬਰ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨ ਮੰਗਾਂ ਨਾ ਮੰਨੇ ਜਾਣ ’ਤੇ ਆਪਣੀ ਜਾਨ ਦੇ ਦਿੱਤੀ ਸੀ। ਸਮਾਗਮ ਦੌਰਾਨ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਸ਼ੈਰੀ ਕਲਸੀ ਨੇ ਸੰਤ ਰਾਮ ਸਿੰਘ ਦੀ ਯਾਦ ਵਿੱਚ ਪਿੰਡ ਕੋਟਲਾ ਸ਼ਾਹੀਆ ਦੇ ਕਮਲਜੀਤ-ਸੁਰਜੀਤ ਸਪੋਰਟਸ ਕੰਪਲੈਕਸ ਅੰਦਰ ਲਾਇਬ੍ਰੇਰੀ ਸਥਾਪਤ ਕਰਨ ਦਾ ਐਲਾਨ ਕੀਤਾ।
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਦਿੱਲੀ ਅੰਦੋਲਨ ਦੌਰਾਨ ਪਿਛਲੇ ਦਿਨੀਂ ਪਿੰਡ ਭਾਗੀਵਾਂਦਰ ਦੇ ਸ਼ਹੀਦ ਹੋਏ ਕਿਸਾਨ ਗੁਰਪਿਆਰ ਸਿੰਘ (61) ਨੂੰ ਸਮਰਪਿਤ ਅੱਜ ਪਿੰਡ ਦੇ ਗੁਰਦੁਆਰਾ ਫਲਾਹਸਰ ਵਿਖੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਪੰਜਾਬ ਸਰਕਾਰ ਤਰਫ਼ੋਂ ਸਿਵਲ ਪ੍ਰਸ਼ਾਸਨ ਨੇ ਪੰਜ ਲੱਖ ਰੁਪਏ ਸਹਾਇਤਾ ਰਾਸ਼ੀ ਦਾ ਚੈੱਕ, ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਨੇ ਇੱਕ ਲੱਖ ਰੁਪਏ ਅਤੇ ਸਮਾਜ ਸੇਵੀ ਰਵੀਪ੍ਰੀਤ ਸਿੰਘ ਸਿੱਧੂ ਨੇ 21 ਹਜ਼ਾਰ ਰੁਪਏ ਨਗਦ ਰਾਸ਼ੀ ਪੀੜਤ ਪਰਿਵਾਰ ਨੂੰ ਮਦਦ ਵਜੋਂ ਸੌਂਪੀ।