ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 6 ਅਪਰੈਲ
ਦਿੱਲੀ ਕਿਸਾਨ ਮੋਰਚੇ ’ਚ ਲਗਾਤਾਰ ਸ਼ਾਮਲ ਹੋਏ ਤੇ ਬੀਤੇ ਦਿਨੀਂ ਉੱਥੇ ਹੀ ਸੜਕ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਦੁੱਗਾਂ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਗਿੱਲ (58) ਪੁੱਤਰ ਜਥੇਦਾਰ ਆਤਮਾ ਸਿੰਘ ਗਿੱਲ ਦੁੱਗਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ। ਅੱਜ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਗੁਰਜੰਟ ਸਿੰਘ ਗਿੱਲ ਯੂਨੀਅਨ ਵਿੱਚ ਤਕਰੀਬਨ ਪੰਦਰਾਂ ਸਾਲਾਂ ਤੋਂ ਸਰਗਰਮ ਭੂਮਿਕਾ ਨਿਭਾਉਂਦਾ ਆ ਰਿਹਾ ਸੀ।
ਕਿਸਾਨ ਆਗੂ ਕੁਲਦੀਪ ਜੋਸ਼ੀ ਅਤੇ ਮੇਵਾ ਸਿੰਘ ਦੁੱਗਾਂ ਨੇ ਦੱਸਿਆ ਕਿ ਗੁਰਮੇਲ ਸਿੰਘ ਦਿੱਲੀ ਕਿਸਾਨ ਮੋਰਚੇ ਦੀ ਸ਼ੁਰੂਆਤ ਤੋਂ ਹੀ ਕਿਸਾਨਾਂ ਦੇ ਜਥੇ ਲੈ ਕੇ ਮੋਰਚੇ ’ਚ ਸ਼ਾਮਲ ਹੋ ਰਿਹਾ ਸੀ। ਬੀਤੇ ਦਿਨੀਂ ਦਿੱਲੀ ਵਿੱਚ ਸੜਕ ਹਾਦਸੇ ਦੌਰਾਨ ਉਸ ਦੇ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਪਿੰਡ ਲਿਆਂਦਾ ਗਿਆ। ਪਿੰਡ ਆ ਕੇ ਜਿਉਂ ਹੀ ਉਹ ਕੁਝ ਠੀਕ ਹੋਇਆ ਤਾਂ ਮੁੜ ਦਿੱਲੀ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋ ਗਿਆ। ਗੁਰਮੇਲ ਸਿੰਘ ਦੀ ਦਿੱਲੀ ਵਿੱਚ ਬੀਤੇ ਦਿਨੀਂ ਮੁੜ ਸਿਹਤ ਵਿਗੜ ਗਈ ਅਤੇ 30 ਮਾਰਚ ਨੂੰ ਉਸ ਨੂੰ ਸੁਨਾਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਤੇ ਮਗਰੋਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ, ਜਿੱਥੇ ਬੀਤੇ ਦਿਨ ਉਸ ਦਾ ਦੇਹਾਂਤ ਹੋ ਗਿਆ। ਗੁਰਮੇਲ ਸਿੰਘ ਗਿੱਲ ਦਾ ਅੱਜ ਪਿੰਡ ਦੁੱਗਾਂ ਵਿੱਚ ਸਸਕਾਰ ਕੀਤਾ ਗਿਆ।
ਇਸ ਮੌਕੇ ਬਲਾਕ ਪ੍ਰਧਾਨ ਲੱਖਾ ਸਿੰਘ ਬਾਲੀਆਂ, ਰਣਧੀਰ ਸਿੰਘ, ਸੰਤਰਾਮ ਸਿੰਘ ਛਾਜਲੀ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।