ਜੋਗਿੰਦਰ ਸਿੰਘ ਮਾਨ
ਮਾਨਸਾ, 11 ਜੂਨ
ਸਿੱਧੂ ਮੂਸੇਵਾਲਾ ਦੇ ਮਾਪਿਆਂ, ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਤੇ ਪ੍ਰਸ਼ੰਸਕਾਂ ਨੇ ਅੱਜ ਮਰਹੂਮ ਗਾਇਕ ਦਾ ਜਨਮ ਦਿਨ ਮਨਾਇਆ। ਅੱਜ ਉਸ ਨੇ 29 ਸਾਲਾਂ ਦਾ ਹੋ ਜਾਣਾ ਸੀ। ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਚ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗਾਇਕ ਦੀ ਯਾਦ ’ਚ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਹੋਰ ਲੋਕਾਂ ਨੇ ਥਾਂ-ਥਾਂ ਛਬੀਲਾਂ ਲਗਾਈਆਂ। ਪਿੰਡ ਮੂਸਾ ’ਚ ਉਸ ਦੇ ਪ੍ਰਸ਼ੰਸਕਾਂ ਨੇ ਪੌਦੇ ਵੰਡਣ, ਪੱਗਾਂ ਬੰਨ੍ਹਣ ਵਰਗੇ ਸਾਰਥਕ ਕਾਰਜ ਅੱਗੇ ਤੋਰੇ ਅਤੇ ਪਰਿਵਾਰ ਨੇ ਵੀ ਜਨਮ ਦਿਨ ਮੌਕੇ ਚੰਗੀਆਂ ਪਿਰਤਾਂ ਪਾ ਕੇ ਸਮਾਜ ਨੂੰ ਚੰਗਾ ਸੁਨੇਹਾ ਦੇਣ ਲਈ ਉਪਰਾਲੇ ਕਰਨ ਦਾ ਐਲਾਨ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਿੰਡ ਮੂਸਾ ’ਚ ਸਿੱਧੂ ਮੂਸੇਵਾਲਾ ਦੀ ਯਾਦਗਾਰ ਉਤੇ ਵੱਡੀ ਗਿਣਤੀ ਲੋਕ ਪਹੁੰਚੇ ਜਿੱਥੇ ਪਰਿਵਾਰ ਨੇ ਟੈਂਟ ਲਗਾ ਕੇ ਬਾਕਾਇਦਾ ਲੋਕਾਂ ਦੇ ਬੈਠਣ ਲਈ ਪ੍ਰਬੰਧ ਕੀਤਾ ਸੀ। ਮੂਸੇਵਾਲਾ ਦੀ ਯਾਦ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਨੇ ਚਾਹ-ਪਾਣੀ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ। ਮਾਲਵਾ ਖੇਤਰ ਸਮੇਤ ਪੂਰੇ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਤੋਂ ਇਲਾਵਾ ਅੱਜ ਪਾਕਿਸਤਾਨ ਤੋਂ ਆਏ ਬਜ਼ੁਰਗ ਮੁਹੰਮਦ ਸਦੀਕ ਅਤੇ ਉਸ ਨਾਲ ਆਏ ਇੱਕ ਹੋਰ ਵਿਅਕਤੀ ਨੇ ਵੀ ਪਰਿਵਾਰ ਨਾਲ ਦੁੱਖ ਵੰਡਾਇਆ।
ਨਹਿਰੂ ਯੁਵਾ ਕੇਂਦਰ ਮਾਨਸਾ ਦੀ ਅਗਵਾਈ ਹੇਠ ਵੀ ਕਲੱਬਾਂ ਨੇ ਕਿਹਾ ਕਿ ਗਾਇਕ ਦੀ ਯਾਦ ’ਚ ਸ਼ੁਰੂ ਕੀਤੀ ਬੂਟੇ ਲਗਾਉਣ ਦੀ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਯੁਵਾ ਕੇਂਦਰ ਦੇ ਪ੍ਰਬੰਧਕੀ ਅਫਸਰ ਡਾ. ਸੰਦੀਪ ਘੰਡ ਅਤੇ ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਪਰਿਵਾਰ ਨੂੰ ਦੱਸਿਆ ਕਿ ਸਾਰਥਕ ਮੁਹਿੰਮਾਂ ਚਲਾ ਕੇ ਸਿੱਧੂ ਮੂਸੇਵਾਲਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪਿੰਡ ਮੂਸਾ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ, ਪਟਵਾਰੀ ਬਲਵੀਰ ਸਿੰਘ ਸਿੱਧੂ, ਪਿੰਡ ਦੇ ਜੇਈ ਜਗਜੀਵਨ ਸਿੰਘ ਮੂਸਾ, ਸਾਬਕਾ ਬਲਾਕ ਸਮਿਤੀ ਚੇਅਰਮੈਨ ਗੁਰਸ਼ਰਨ ਸਿੰਘ ਸ਼ਰਨੀ ਨੇ ਕਿਹਾ ਕਿ ਉਹ ਪਿੰਡ ’ਚ ਬਣਨ ਵਾਲੀਆਂ ਯਾਦਗਾਰਾਂ ਤੇ ਸੰਸਥਾਵਾਂ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਲਈ ਹਰ ਸਹਿਯੋਗ ਕਰਨਗੇ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਜੋ ਮਾਣ ਸਤਿਕਾਰ ਉਹ ਦੁਨੀਆਂ ’ਚ ਛੋਟੀ ਉਮਰੇ ਖੱਟ ਗਿਆ, ਉਸ ਨੇ ਜਿੱਥੇ ਉਨ੍ਹਾਂ ਦਾ ਦਰਦ ਘਟਾਇਆ ਹੈ ਉਥੇ ਲੱਖਾਂ ਲੋਕਾਂ ਦਾ ਇਹ ਸਾਥ ਉਨ੍ਹਾਂ ਲਈ ਵੱਡਾ ਸਹਾਰਾ ਬਣੇਗਾ।
ਪਰਿਵਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਵੀਡੀਓ ਜਾਰੀ
ਬਠਿੰਡਾ (ਟਨਸ): ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਉਸ ਦੇ ਪਰਿਵਾਰ ਨੇ ਅੱਜ ਇੰਸਟਾਗ੍ਰਾਮ ’ਤੇ ਗਾਇਕ ਦੀ 41 ਸਕਿੰਟ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਨਾਲ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ’ਚ ਸਿੱਧੂ ਦੇ ਬਚਪਨ ਦੇ ਪਲ ਵੀ ਦਿਖਾਏ ਗਏ ਹਨ। ਮੂਸੇਵਾਲਾ ਨੂੰ ਸਮਰਪਿਤ ਕੀਤੀ ਐਂਬੂਲੈਂਸ ’ਚ ਜਲੰਧਰ ਤੋਂ ਪਹੁੰਚੇ ਇੱਕ ਨੌਜਵਾਨ ਨੇ ਕਿਹਾ ਕਿ ਉਸ ਨੇ ਪਹਿਲਾਂ ਕਦੇ ਵੀ ਪੱਗ ਨਹੀਂ ਬੰਨ੍ਹੀ ਪਰ ਸਿੱਧੂ ਮੂਸੇਵਾਲਾ ਦੀ ਮਾਂ ਵੱਲੋਂ ਸੱਦਾ ਦਿੱਤੇ ਜਾਣ ਮਗਰੋਂ ਉਸ ਨੇ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਹੈ।