ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਜੂਨ
ਇਤਿਹਾਸਕ ਜੱਲ੍ਹਿਆਂਵਾਲਾ ਬਾਗ ਦੇ ਪ੍ਰਵੇਸ਼ ਦੁਆਰ ਕੋਲ ਬਣੀ ਇਮਾਰਤੀ ਹਿੱਸੇ ਵਿਚ ਖਿੜਕੀਆਂ ’ਤੇ ਸ਼ੀਸ਼ੇ ਆਦਿ ਲਾ ਦਿੱਤੇ ਗਏ ਹਨ, ਜੋ ਕਿ ਟਿਕਟ ਖਿੜਕੀ ਵਾਂਗ ਜਾਪਦੇ ਹਨ। ਇਨ੍ਹਾਂ ਵਿਚ ਟਿਕਟ ਆਦਿ ਲੈਣ ਵਾਂਗ ਜਗ੍ਹਾ ਛੱਡੀ ਗਈ ਹੈ। ਇਨ੍ਹਾਂ ਟਿਕਟ ਖਿੜਕੀਆਂ ਦੇ ਕੋਲ ਹੀ ਸਵੈ-ਚਾਲਿਤ ਬੈਰੀਅਰ ਵੀ ਰੱਖੇ ਗਏ ਹਨ, ਜੋ ਕਿ ਇਹ ਸੰਕੇਤ ਕਰ ਰਹੇ ਹਨ ਕਿ ਇੱਥੇ ਭਵਿੱਖ ਵਿਚ ਦਾਖ਼ਲਾ ਟਿਕਟ ਲਾਉਣ ਦੀ ਤਿਆਰੀ ਹੈ।
ਇਸ ਮਾਮਲੇ ਵਿੱਚ ਖਦਸ਼ਾ ਪ੍ਰਗਟਾਉਂਦਿਆਂ ਜੱਲ੍ਹਿਆਂਵਾਲਾ ਬਾਗ਼ ਫਰੀਡਮ ਫਾਈਟਰਜ਼ ਫਾਊਂਡੇਸ਼ਨ ਦੇ ਪ੍ਰਧਾਨ ਸੁਨੀਲ ਕਪੂਰ ਨੇ ਕਿਹਾ ਕਿ ਸਰਕਾਰ ਇਸ ਸ਼ਹੀਦੀ ਸਮਾਰਕ ਵਿੱਚ ਪੀਪੀਪੀ (ਨਿੱਜੀ ਜਨਤਕ ਭਾਈਵਾਲੀ) ਮਾਡਲ ਦੇ ਆਧਾਰ ’ਤੇ ਦਾਖ਼ਲਾ ਟਿਕਟ ਲਾਉਣਾ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸ਼ਹੀਦਾਂ ਦਾ ਮੁੱਲ ਵੱਟਣਾ ਚਾਹੁੰਦੀ ਹੈ ਅਤੇ ਸ਼ਹੀਦ ਪਰਿਵਾਰਾਂ ਦੀ ਜਥੇਬੰਦੀ ਸਰਕਾਰ ਦੀ ਇਸ ਯੋਜਨਾ ਨੂੰ ਕਦੇ ਸਫਲ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਹੀ ਇਸ ਇਤਿਹਾਸਕ ਸ਼ਹੀਦੀ ਸਮਾਰਕ ਦੀ ਸਾਂਭ-ਸੰਭਾਲ ਅਤੇ ਮੁਰੰਮਤ ਦੇ ਨਾਂ ਹੇਠ ਇਸ ਦੀ ਇਤਿਹਾਸਿਕਤਾ ਨਾਲ ਛੇੜ-ਛਾੜ ਕੀਤੀ ਗਈ ਹੈ। ਹੁਣ ਇੱਥੇ ਦਾਖ਼ਲਾ ਟਿਕਟ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਿੱਲੀ ਵਿੱਚ ਰਾਜਘਾਟ ਅਤੇ ਇੰਡੀਆ ਗੇਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਥੇ ਕੋਈ ਟਿਕਟ ਨਹੀਂ ਲੱਗੀ ਹੋਈ। ਜੱਲ੍ਹਿਆਂਵਾਲਾ ਬਾਗ਼ ਸ਼ਹੀਦੀ ਸਮਾਰਕ ਵੀ ਸ਼ਹੀਦਾਂ ਦੀ ਯਾਦਗਾਰ ਹੈ ਅਤੇ ਇੱਥੇ ਵੀ ਦਾਖ਼ਲਾ ਟਿਕਟ ਲਾਉਣਾ ਸਹੀ ਨਹੀਂ ਹੈ। ਤਰਕਸ਼ੀਲ ਸੁਸਾਇਟੀ ਦੇ ਆਗੂ ਸੁਮਿਤ ਸਿੰਘ ਨੇ ਅੱਜ ਸਮਾਰਕ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਇੱਥੇ ਪ੍ਰਵੇਸ਼ ਦੁਆਰ ਨੇੜੇ ਬਣੀ ਇਮਾਰਤ ਨੂੰ ਟਿਕਟ ਖਿੜਕੀ ਦਾ ਰੂਪ ਦਿੱਤਾ ਹੈ ਜਿਸ ਤੋਂ ਜਾਪਦਾ ਹੈ ਕਿ ਇੱਥੇ ਟਿਕਟ ਲਾਉਣ ਦੀ ਤਿਆਰੀ ਹੈ। ਇਸ ਖ਼ਿਲਾਫ਼ ਪਹਿਲਾਂ ਵੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਝੰਡੇ ਹੇਠ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ਅਤੇ ਉਸ ਵੇਲੇ ਟਿਕਟ ਨਾ ਲਾਉਣ ਦਾ ਭਰੋਸਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਲਕੇ ਇਸ ਸਬੰਧ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਨੁਮਾਇੰਦਿਆਂ ਨਾਲ ਮਾਮਲੇ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਸਾਬਕਾ ਰਾਜ ਸਭਾ ਮੈਂਬਰ ਅਤੇ ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਯਾਦਗਾਰ ਟਰੱਸਟ ਦੇ ਮੈਂਬਰ ਤਰਲੋਚਨ ਸਿੰਘ ਨੇ ਕਿਹਾ ਕਿ ਇੱਥੇ ਦਾਖ਼ਲਾ ਟਿਕਟ ਲਾਉਣ ਦਾ ਕੋਈ ਫ਼ੈਸਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇੱਥੇ ਬਣੇ ਇਮਾਰਤੀ ਢਾਂਚੇ ਕਾਰਨ ਪੈਦਾ ਹੋ ਰਹੇ ਤੌਖ਼ਲੇ ਬਾਰੇ ਉਹ ਸਭਿਆਚਾਰਕ ਮਾਮਲੇ ਮੰਤਰਾਲੇ ਨਾਲ ਗੱਲਬਾਤ ਕਰਨਗੇ, ਜਿਸ ਦੀ ਨਿਗਰਾਨੀ ਹੇਠ ਇਸ ਟਰੱਸਟ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਸਮਾਰਕ ਵਿੱਚ ਦਾਖ਼ਲਾ ਮੁਫ਼ਤ ਰਹਿਣਾ ਚਾਹੀਦਾ ਹੈ।