ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 23 ਸਤੰਬਰ
ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਝੂਠੇ ਪੁਲੀਸ ਮੁਕਾਬਲੇ ਨਾਲ ਸਬੰਧਤ ਕੇਸ ਦਾ ਨਬਿੇੜਾ ਕਰਦਿਆਂ ਪੰਜਾਬ ਪੁਲੀਸ ਦੇ ਇਕ ਸੇਵਾਮੁਕਤ ਇੰਸਪੈਕਟਰ ਅਮਰੀਕ ਸਿੰਘ ਨੂੰ ਦੋਸ਼ੀ ਮੰਨਦੇ ਹੋਏ 10 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਬੀਤੇ ਕੱਲ੍ਹ ਸੀਬੀਆਈ ਦੀ ਵਿਸ਼ੇਸ਼ ਜੱਜ ਹਰਿੰਦਰ ਕੌਰ ਸਿੱਧੂ ਦੀ ਅਦਾਲਤ ਨੇ ਤਤਕਾਲੀ ਐੱਸਐੱਚਓ ਵੱਸਣ ਸਿੰਘ ਤੇ ਸੇਵਾਮੁਕਤ ਇੰਸਪੈਕਟਰ ਅਮਰੀਕ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਸਜ਼ਾ ਅੱਜ ਸੁਣਾਈ ਗਈ ਹੈ। ਇਸ ਮਾਮਲੇ ’ਚ ਮੁੱਖ ਦੋਸ਼ੀ ਦੱਸੇ ਜਾਂਦੇ ਸਾਬਕਾ ਐੱਸਐੱਚਓ ਵੱਸਣ ਸਿੰਘ ਦੀ ਮੌਤ ਹੋ ਚੁੱਕੀ ਹੈ। ਪੰਜਾਬ ਪੁਲੀਸ ਨੇ ਨੌਜਵਾਨ ਗੁਰਬਿੰਦਰ ਸਿੰਘ ਨੂੰ ਘਰੋਂ ਚੁੱਕ ਕੇ ਬਾਅਦ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ ਦਿਖਾਇਆ ਸੀ। ਸੀਬੀਆਈ ਨੇ 2002 ਵਿੱਚ ਦੋਸ਼ੀ ਪੁਲੀਸ ਅਫ਼ਸਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਬੀਤੇ ਦਿਨ ਅਦਾਲਤ ’ਚ ਕੇਸ ਦੀ ਸੁਣਵਾਈ ਦੌਰਾਨ ਸਾਬਕਾ ਇੰਸਪੈਕਟਰ ਅਮਰੀਕ ਸਿੰਘ ਅਤੇ ਤਤਕਾਲੀ ਐੱਸਐੱਚਓ ਵੱਸਣ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅੱਜ ਅਦਾਲਤ ਨੇ ਸਾਬਕਾ ਇੰਸਪੈਕਟਰ ਅਮਰੀਕ ਸਿੰਘ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਮ੍ਰਿਤਕ ਨੌਜਵਾਨ ਦੇ ਭਰਾ ਪਰਮਿੰਦਰ ਸਿੰਘ ਨੇ ਕਿਹਾ ਕਿ ਤਿੰਨ ਦਹਾਕੇ ਪਹਿਲਾਂ ਉਕਤ ਪੁਲੀਸ ਅਫ਼ਸਰ ਨੇ ਉਸ ਦੇ ਭਰਾ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਅੱਜ ਲਗਪਗ ਤਿੰਨ ਦਹਾਕਿਆਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਮਿਲਿਆ ਹੈ। ਉਸ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ ਪੀੜਤ ਪਰਿਵਾਰ ਨੂੰ ਬਹੁਤ ਧੱਕੇ ਖਾਣੇ ਪਏ ਸਨ।