ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): 31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਅੱਗੇ ਚੱਲ ਰਹੇ ਕਿਸਾਨ ਧਰਨੇ ਦੌਰਾਨ ਕਿਸਾਨਾਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਫ਼ਸਲਾਂ ਦੀ ਖਰੀਦ ’ਤੇ ਐੱਮਐੱਸਪੀ ਜਾਰੀ ਰੱਖਣ ਦੇ ਝੂਠੇ ਦਾਅਵੇ ਕਰ ਰਹੇ ਹਨ। ਪਿਛਲੇ 18 ਦਿਨਾਂ ਤੋਂ ਨਿਰੰਤਰ ਚਲ ਰਹੇ ਇਸ ਧਰਨੇ ਦੌਰਾਨ ਅੱਜ ਭਰਾਤਰੀ ਜਥੇਬੰਦੀ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਸੁਮੀਤ ਸਿੰਘ ਤੇ ਹੋਰਨਾਂ ਨੇ ਸ਼ਾਮਲ ਹੋ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ। ਇਸ ਦੌਰਾਨ ਵਿਛੜੇ ਦੋ ਕਿਸਾਨ ਸਾਥੀਆਂ ਜੁਗਰਾਜ ਸਿੰਘ ਮਾਨਸਾ ਅਤੇ ਹਰਬੰਸ ਸਿੰਘ ਪਟਿਆਲਾ ਨੂੰ ਦੋ ਮਿੰਟ ਦਾ ਮੌਨ ਧਾਰ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਕਿਸਾਨ ਆਗੂ ਜਤਿੰਦਰ ਸਿੰਘ ਛੀਨਾ, ਹਰਜੀਤ ਸਿੰਘ ਝੀਤੇ ਅਤੇ ਕੰਵਲਪ੍ਰੀਤ ਸਿੰਘ ਪੰਨੂੰ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਖੇਤੀ ਕਾਨੂੰਨਾਂ ਬਾਰੇ ਝੂਠੇ ਦਾਅਵੇ ਕਰ ਰਹੇ ਹਨ। ਇਸ ਵਿੱਚ ਫ਼ਸਲਾਂ ਦੀ ਖਰੀਦ ਲਈ ਐੱਮਐੱਸਪੀ ਜਾਰੀ ਰੱਖਣ ਦਾ ਦਾਅਵਾ ਸ਼ਾਮਲ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਹੀ ਪੰਜਾਬ ਵਿੱਚ ਯੂਪੀ, ਬਿਹਾਰ ਆਦਿ ਤੋਂ ਝੋਨਾ ਲਿਆ ਕੇ ਵੇਚਿਆ ਜਾ ਰਿਹਾ ਹੈ, ਜੋ ਸਾਬਤ ਕਰਦਾ ਹੈ ਕਿ ਪ੍ਰਾਈਵੇਟ ਖਰੀਦਦਾਰ ਕਿਸਾਨਾਂ ਨੂੰ ਲੁੱਟ ਰਿਹਾ ਹੈ। ਇਸ ਲਈ ਖੇਤੀ ਕਾਨੂੰਨ ਲਾਗੂ ਹੋਣ ਮਗਰੋਂ ਪੰਜਾਬ ਵਿੱਚ ਵੀ ਕਿਸਾਨਾਂ ਦੀ ਲੁੱਟ ਹੋਵੇਗੀ। ਇਸ ਦੇ ਸਿੱਟੇ ਵਜੋਂ ਕਿਸਾਨਾਂ ਦੀਆਂ ਜ਼ਮੀਨਾਂ ਸਸਤੇ ਭਾਅ ਵੱਡੀਆਂ ਕੰਪਨੀਆਂ ਖਰੀਦ ਲੈਣਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਢਾਹ ਲਾਉਣਗੇ। ਅੱਜ ਧਰਨੇ ਵਿੱਚ ਕਿਸਾਨ ਆਗੂ ਸਤਨਾਮ ਸਿੰਘ ਝੰਡੇਰ, ਅਮਨਦੀਪ ਸਿੰਘ ਛੀਨਾ, ਮੇਜਰ ਸਿੰਘ, ਹਰਪਾਲ ਸਿੰਘ ਕਿਆਮਪੁਰ, ਅਸ਼ਵਨੀ ਕੁਮਾਰ, ਅਵਤਾਰ ਸਿੰਘ ਤੇ ਹੋਰਨਾਂ ਨੇ ਸੰਬੋਧਨ ਕੀਤਾ।