ਸੰਜੀਵ ਹਾਂਡਾ
ਫ਼ਿਰੋਜ਼ਪੁਰ, 27 ਜੁਲਾਈ
ਦੋ ਬੇਕਸੂਰ ਵਿਅਕਤੀਆਂ ਖ਼ਿਲਾਫ਼ ਇੱਕ ਕਿੱਲੋ ਹੈਰੋਇਨ ਅਤੇ ਪੰਜ ਲੱਖ ਰੁਪਏ ਦੀ ਬਰਾਮਦਗੀ ਦਾ ਝੂਠਾ ਪੁਲੀਸ ਕੇਸ ਦਰਜ ਕਰਨ ਵਾਲੇ ਤਿੰਨ ਬਰਖ਼ਾਸਤ ਪੁਲੀਸ ਮੁਲਾਜ਼ਮਾਂ ਵਿੱਚੋਂ ਦੋ ਨੂੰ ਅੱਜ ਹਿਮਾਚਲ ਦੇ ਊਨਾ ਸ਼ਹਿਰ ਤੋਂ ਸਰਕਾਰੀ ਅਸਲੇ ਸਣੇ ਕਾਬੂ ਕਰ ਲਿਆ। ਕਾਬੂ ਕੀਤੇ ਗਏ ਮੁਲਜ਼ਮਾਂ ਵਿਚ ਏਐੱਸਆਈ ਅੰਗਰੇਜ਼ ਸਿੰਘ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਸ਼ਾਮਲ ਹਨ। ਇਨ੍ਹਾਂ ਨਾਲ ਇੱਕ ਹੋਰ ਏਐੱਸਆਈ ਰਾਜਪਾਲ ਸਿੰਘ ਨੂੰ ਵੀ ਕਾਬੂ ਕੀਤਾ ਗਿਆ ਹੈ। ਹਾਲਾਂਕਿ ਪਹਿਲਾਂ ਦਰਜ ਕੀਤੀ ਐੱਫਆਈਆਰ ਵਿਚ ਰਾਜਪਾਲ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ ਸੀ। ਤਿੰਨਾਂ ਨੂੰ ਰਾਤ ਤੱਕ ਫ਼ਿਰੋਜ਼ਪੁਰ ਲਿਆਂਦਾ ਜਾਵੇਗਾ ਤੇ ਉਸ ਤੋਂ ਬਾਅਦ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਸਥਾਨਕ ਨਾਰਕੋਟਿਕ ਸੈੱਲ ਦਾ ਇੰਚਾਰਜ ਅਤੇ ਮੁੱਖ ਮੁਲਜ਼ਮ ਇੰਸਪੈਕਟਰ ਪਰਮਿੰਦਰ ਬਾਜਵਾ ਅਜੇ ਫ਼ਰਾਰ ਦੱਸਿਆ ਜਾ ਰਿਹਾ ਹੈ। ਸੂਤਰਾਂ ਦੇ ਦਾਅਵੇ ਮੁਤਾਬਿਕ ਇਸ ਮਾਮਲੇ ਵਿਚ ਇੱਕ ਵੱਡੇ ਪੁਲੀਸ ਅਧਿਕਾਰੀ ਦੀ ਸ਼ਮੂਲੀਅਤ ਦਾ ਵੀ ਪਰਦਾਫ਼ਾਸ਼ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਥਾਣਾ ਛਾਉਣੀ ਵਿਚ ਪੁਲੀਸ ਵੱਲੋਂ ਬੀਕਾਨੇਰ ਵਾਸੀ ਭੰਵਰ ਲਾਲ ਪਾਰਿਕ ਦੇ ਬਿਆਨਾਂ ’ਤੇ ਸਥਾਨਕ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਬਾਜਵਾ, ਏਐੱਸਆਈ ਅੰਗਰੇਜ਼ ਸਿੰਘ ਅਤੇ ਹੌਲਦਾਰ ਜੋਗਿੰਦਰ ਸਿੰਘ ਤੋਂ ਇਲਾਵਾ ਚਾਰ-ਪੰਜ ਨਾਮਲੂਮ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ । ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਗੁਰੂਹਰਸਹਾਏ ਯਾਦਵਿੰਦਰ ਸਿੰਘ ਬਾਜਵਾ ਨੇ ਤਿੰਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।