ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 13 ਜੁਲਾਈ
ਲਾਂਡਰਾਂ-ਸਰਹਿੰਦ ਮੁੱਖ ਮਾਰਗ ’ਤੇ ਸਥਿਤ ਪਿੰਡ ਸਵਾੜਾ ਦੇ ਗਰਾਊਂਡ ਵਿੱਚ ਫਰਜ਼ੀ ਟੀ-20 ਕ੍ਰਿਕਟ ਟੂਰਨਾਮੈਂਟ ਦੀ ਓਟ ਵਿੱਚ ਕਰੋੜਾਂ ਰੁਪਏ ਦਾ ਸੱਟਾ ਲਗਾਉਣ ਦੇ ਮਾਮਲੇ ਦੇ ਭੇਤ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਅੱਜ ਫੈਨ ਕੋਡ ਐਪ ਸਣੇ ਹੋਰਨਾਂ ਕਈ ਐਪਜ਼ ਦੇ ਪ੍ਰਬੰਧਕਾਂ ਨੇ ਆਪੋ-ਆਪਣੇ ਕਾਨੂੰਨੀ ਸੈੱਲ ਦੇ ਨੁਮਾਇੰਦਿਆਂ ਰਾਹੀਂ ਪੁਲੀਸ ਕੋਲ ਆਪਣਾ ਲਿਖਤੀ ਪੱਖ ਰੱਖਿਆ। ਮੁਹਾਲੀ ਦੀ ਐੱਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਫਰਜ਼ੀ ਮੈਚ ਦਾ ਆਨਲਾਈਨ ਪ੍ਰਸਾਰਨ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬੀ ਕੀਤੀ ਗਈ ਸੀ। ਮੁਲਜ਼ਮਾਂ ਨੇ ਇੱਥੇ ਕਰਵਾਏ ਫਰਜ਼ੀ ਮੈਚ ਦਾ ਸ੍ਰੀਲੰਕਾ ਤੋਂ ਸਿੱਧਾ ਪ੍ਰਸਾਰਨ ਦਿਖਾ ਕੇ ਕਰੋੜਾਂ ਦਾ ਸੱਟਾ ਖੇਡਿਆ ਹੈ।
ਨੋਟਿਸ ਦੇ ਜਵਾਬ ਵਿੱਚ ਆਨਲਾਈਨ ਐਪਜ਼ ਦੇ ਕਾਨੂੰਨੀ ਸੈੱਲ ਨੇ ਪੁਲੀਸ ਨੂੰ ਦੱਸਿਆ ਕਿ ਟੀ-20 ਕ੍ਰਿਕਟ ਟੂਰਨਾਮੈਂਟ ਕਰਵਾਉਣ ਵਾਲੇ ਵਿਅਕਤੀਆਂ ਨਾਲ ਉਨ੍ਹਾਂ ਦਾ ਈਮੇਲ ਰਾਹੀਂ ਤਾਲਮੇਲ ਹੋਇਆ ਸੀ। ਮੈਚ ਦੇ ਪ੍ਰਸਾਰਨ ਸਬੰਧੀ ਸਾਰੀ ਗੱਲਬਾਤ ਚਿੱਠੀ ਪੱਤਰ ਰਾਹੀਂ ਹੋਈ। ਐਪਜ਼ ਵਾਲਿਆਂ ਨੇ ਪੁਲੀਸ ਨੂੰ ਕੁਝ ਈਮੇਲ ਐਡਰੈੱਸ ਵੀ ਦਿੱਤੇ ਹਨ।
ਐੱਸਪੀ ਗਰੇਵਾਲ ਨੇ ਦੱਸਿਆ ਕਿ ਇਸ ਸਬੰਧੀ ਕੰਪਿਊਟਰ ਫੋਰੈਂਸਿਕ ਟੀਮ ਨੂੰ ਜਾਂਚ ਸੌਂਪੀ ਗਈ ਹੈ। ਪੁਲੀਸ ਨੇ ਪਿੰਡ ਸਵਾੜਾ ਦੇ ਸਟੇਡੀਅਮ ਵਾਲੀ ਜ਼ਮੀਨ ਦੇ ਮਾਲਕਾਂ ਤੋਂ ਵੀ ਫਰਜ਼ੀ ਟੀ-20 ਕ੍ਰਿਕਟ ਟੂਰਨਾਮੈਂਟ ਕਰਵਾਉਣ ਦੀ ਇਜਾਜ਼ਤ ਦੇਣ ਬਾਰੇ ਪੁੱਛਗਿੱਛ ਕੀਤੀ ਤੇ ਬਿਆਨ ਦਰਜ ਕੀਤੇ ਗਏ। ਮੁਲਜ਼ਮਾਂ ਨੇ ਆਪਣੇ ਸਾਥੀ ਗੋਲਡੀ ਨਾਲ ਮਿਲ ਕੇ ਪਿੰਡ ਸਵਾੜਾ ਵਿੱਚ ਸਟੋਕਰ ਕ੍ਰਿਕਟ ਅਕੈਡਮੀ ਦਾ ਗਰਾਊਂਡ ਬੀਤੀ 29 ਜੂਨ ਤੋਂ 5 ਜੁਲਾਈ ਤੱਕ 33 ਹਜ਼ਾਰ ਰੁਪਏ ਵਿੱਚ ਬੁੱਕ ਕਰਵਾਇਆ ਸੀ। ਪਹਿਲੇ ਦਿਨ ਪੰਕਜ, ਗੋਲਡੀ, ਰਾਜੇਸ਼ ਗਰਗ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚਾਰ ਟੀਮਾਂ ਬਣਾ ਕੇ ਧੋਖੇ ਨਾਲ ਵੱਡੀ ਮਾਤਰਾ ਵਿੱਚ ਸੱਟਾ ਖੇਡਿਆ।
ਚੱਪੜਚਿੜੀ ਦੀ ਜ਼ਮੀਨ ’ਤੇ ਕਰਵਾਇਆ ਸੀ ਖਿਡਾਰੀਆਂ ਨੂੰ ਅਭਿਆਸ
ਇਹ ਵੀ ਪਤਾ ਲੱਗਾ ਹੈ ਕਿ ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਦੀ ਜ਼ਮੀਨ ਵਿੱਚ ਕ੍ਰਿਕਟ ਅਕੈਡਮੀ ਵਿੱਚ ਖਿਡਾਰੀਆਂ ਨੂੰ ਕ੍ਰਿਕਟ ਮੈਚਾਂ ਸਬੰਧੀ ਅਭਿਆਸ ਕਰਵਾਇਆ ਜਾਂਦਾ ਸੀ। ਕ੍ਰਿਕਟ ਅਕੈਡਮੀ ਦੇ ਸੰਚਾਲਕ ਰਵੀ ਕੁਮਾਰ ਨੇ ਧਾਰਾ-164 ਤਹਿਤ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਏ ਗਏ ਹਨ। ਉਨ੍ਹਾਂ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਅਕੈਡਮੀ ਦੇ ਚਾਰ ਖਿਡਾਰੀਆਂ ਨੇ ਫਰਜ਼ੀ ਟੀ-20 ਕ੍ਰਿਕਟ ਮੈਚ ਵਿੱਚ ਹਿੱਸਾ ਲਿਆ ਸੀ। ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਫਰਜ਼ੀ ਮੈਚ ਖੇਡਣ ਵਾਲੇ ਖਿਡਾਰੀਆਂ ਸਬੰਧੀ ਰਿਕਾਰਡ ਹਾਸਲ ਕੀਤਾ ਹੈ।