ਬੇਅੰਤ ਸਿੰਘ
ਪੱਟੀ, 27 ਅਕਤੂਬਰ
ਸੀਬੀਆਈ ਦੀ ਮੁਹਾਲੀ ਅਦਾਲਤ ਵੱਲੋਂ ਪੱਟੀ ਨੇੜਲੇ ਪਿੰਡ ਉਬੋਕੇ ਦੇ ਨੌਜਵਾਨ ਹਰਬੰਸ ਸਿੰਘ ਪੁੱਤਰ ਮਿਲਖਾ ਸਿੰਘ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰੇ ਜਾਣ ਦੇ ਕੇਸ ਦੀ ਸੁਣਵਾਈ ਕਰਦਿਆਂ ਅੱਜ ਤਤਕਾਲੀ ਪੁਲੀਸ ਅਧਿਕਾਰੀ ਸ਼ਮਸ਼ੇਰ ਸਿੰਘ ਤੇ ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਫ਼ੈਸਲੇ ਮਗਰੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ 29 ਸਾਲਾਂ ਬਾਅਦ ਇਨਸਾਫ਼ ਮਿਲਣ ਦੀ ਆਸ ਜਤਾਈ ਹੈ।
ਪਿੰਡ ਉੱਬੋਕੇ ’ਚ ਰਹਿੰਦੇ ਮ੍ਰਿਤਕ ਨੌਜਵਾਨ ਹਰਬੰਸ ਸਿੰਘ ਦੇ ਭਰਾ ਪਰਮਜੀਤ ਸਿੰਘ, ਚਰਨਜੀਤ ਸਿੰਘ ਅਤੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਉਬੋਕੇ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਹਰਬੰਸ ਸਿੰਘ (26) ਨੂੰ ਥਾਣਾ ਸਦਰ ਤਰਨ ਤਾਰਨ ਦੇ ਤਤਕਾਲੀ ਐੱਸਐੱਓ ਪੂਰਨ ਸਿੰਘ ਵੱਲੋਂ ਪੁਲੀਸ ਰਿਮਾਂਡ ’ਤੇ ਲਿਆਂਦਾ ਗਿਆ ਸੀ ਤੇ ਬਾਅਦ ਵਿੱਚ ਹਰਬੰਸ ਸਿੰਘ ਨੂੰ ਇੱਕ ਹੋਰ ਵਿਅਕਤੀ ਨਾਲ ਤਰਨ ਤਾਰਨ ਦੇ ਕਸਬਾ ਸੈਰੋਂ ਨੇੜੇ ਪੁਲੀਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਅਣਪਛਾਤਾ ਕਰਾਰ ਦੇ ਕੇ ਪੁਲੀਸ ਵੱਲੋਂ ਹੀ ਸਾੜ ਦਿੱਤਾ ਗਿਆ ਸੀ। ਮ੍ਰਿਤਕ ਦੀ ਮਾਤਾ ਪ੍ਰਕਾਸ਼ ਕੌਰ ਤੇ ਭਰਾ ਪਰਮਜੀਤ ਸਿੰਘ ਵੱਲੋਂ ਮਨੁੱਖੀ ਅਧਿਕਾਰ ਸੰਗਠਨ (ਖਾਲੜਾ) ਦੀ ਸਹਾਇਤਾ ਨਾਲ ਉਕਤ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਮਗਰੋਂ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਸੀ। ਇਸ ਮਾਮਲੇ ਵਿੱਚ ਸੀਬੀਆਈ ਅਧਿਕਾਰੀਆਂ ਵੱਲੋਂ ਕੀਤੀ ਗਈ ਪੜਤਾਲ ਮਗਰੋਂ ਤਤਕਾਲੀ ਐੱਸਐੱਚਓ ਪੂਰਨ ਸਿੰਘ, ਜਗੀਰ ਸਿੰਘ, ਸ਼ਮਸ਼ੇਰ ਸਿੰਘ ਤੇ ਜਗਤਾਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪਟਿਆਲਾ ਸਥਿਤ ਸੀਬੀਆਈ ਦੀ ਅਦਾਲਤ ਵਿੱਚ ਵਕੀਲ ਜੋਗਿੰਦਰ ਸਿੰਘ ਵਿਰਕ ਦੀ ਮਦਦ ਨਾਲ ਗਵਾਹੀਆਂ ਦਰਜ ਕਰਵਾਈਆਂ ਗਈਆਂ ਤੇ ਮਗਰੋਂ ਉਕਤ ਅਦਾਲਤ ਦੇ ਪਟਿਆਲਾ ਤੋਂ ਮੁਹਾਲੀ ਆਉਣ ਮਗਰੋਂ ਮਨੁੱਖੀ ਅਧਿਕਾਰਾਂ ਦੇ ਐਡਵੋਕੇਟ ਸਤਨਾਮ ਸਿੰਘ ਬੈਂਸ, ਜਗਜੀਤ ਸਿੰਘ ਬਾਜਵਾ, ਸਰਬਜੀਤ ਸਿੰਘ ਵੇਰਕਾ ਤੇ ਬਲਜਿੰਦਰ ਸਿੰਘ ਬਾਜਵਾ ਨੇ ਸੁਪਰੀਮ ਕੋਰਟ ਤੱਕ ਪਹੁੰਚ ਕਰਕੇ ਇਸ ਝੂਠੇ ਪੁਲੀਸ ਮੁਕਾਬਲੇ ਖ਼ਿਲਾਫ਼ ਕਨੂੰਨੀ ਲੜਾਈ ਲੜਨ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਰਬੰਸ ਸਿੰਘ ਦੀ ਮਾਂ ਪ੍ਰਕਾਸ਼ ਕੌਰ ਇਨਸਾਫ਼ ਦੀ ਉਡੀਕ ਕਰਦੇ ਹੋਏ ਤਿੰਨ ਸਾਲ ਪਹਿਲਾਂ ਮਰ ਚੁੱਕੀ ਹੈ। ਹੁਣ ਅਦਾਲਤ ਵੱਲੋਂ ਦੋਸ਼ ਤੈਅ ਕੀਤੇ ਜਾਣ ਮਗਰੋਂ ਉਨ੍ਹਾਂ ਦੇ ਪਰਿਵਾਰ ਵਿੱਚ ਆਸ ਜਾਗੀ ਹੈ ਕਿ 29 ਸਾਲਾਂ ਬਾਅਦ ਹੀ ਸਹੀ, ਅਖੀਰ ਹਰਬੰਸ ਸਿੰਘ ਦੇ ਕਾਤਲਾਂ ਨੂੰ ਸਜ਼ਾਵਾਂ ਮਿਲਣਗੀਆਂ ਤੇ ਉਨ੍ਹਾਂ ਦੇ ਭਰਾ ਅਤੇ ਮਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।