ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 25 ਜੁਲਾਈ
ਨਕਲੀ ਪੀ.ਸੀ.ਐਸ. ਅਧਿਕਾਰੀ ਬਣੀ ਲੜਕੀ ਨੂੰ ਥਾਣਾ ਬਡਾਲੀ ਆਲਾ ਸਿੰਘ ਦੀ ਪੁਲੀਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਐਸ.ਐਚ.ਓ. ਥਾਣਾ ਬਡਾਲੀ ਆਲਾ ਸਿੰਘ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਪਿੰਡ ਸਲੇਮਪੁਰ ਵਿੱਚ ਪੰਚਾਇਤੀ ਪਿੱਪਲ ਦਾ ਦਰੱਖਤ ਵੱਢਣ ਦੇ ਮਾਮਲੇ ’ਚ ਬੀਡੀਪੀਓ ਖੇੜਾ ਸਰਬਜੀਤ ਕੌਰ ਦੀ ਸ਼ਿਕਾਇਤ ’ਤੇ ਪਿੰਡ ਸਲੇਮਪੁਰ ਦੇ 4 ਵਿਅਕਤੀਆਂ ਵਿਰੁੱਧ 16 ਜੁਲਾਈ ਨੂੰ ਥਾਣਾ ਬਡਾਲੀ ਆਲਾ ਸਿੰਘ ’ਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਸਬੰਧ ’ਚ ਬੀ.ਡੀ.ਪੀ.ਓ. ਖੇੜਾ ਨੂੰ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਦੇ ਹੁਕਮਾਂ ਵਾਲਾ ਇੱਕ ਪੱਤਰ ਮਿਲਿਆ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਉਕਤ ਪਿੱਪਲ ਦਾ ਦਰਖਤ ਮੁਕੰਮਲ ਤੌਰ ’ਤੇ ਕਟਵਾ ਦਿੱਤਾ ਜਾਵੇ ਤੇ ਉਕਤ ਮਾਮਲੇ ’ਚ ਦਰਜ ਕੀਤੀ ਐਫਆਈਆਰ ਵੀ ਰੱਦ ਕਰ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਉਕਤ ਪੱਤਰ ਦੀ ਕਰਵਾਈ ਗਈ ਜਾਂਚ ਦੌਰਾਨ ਪੱਤਰ ਜਾਅਲੀ ਪਾਏ ਜਾਣ ’ਤੇ ਬੀ.ਡੀ.ਪੀ.ਓ. ਖੇੜਾ ਦੀ ਸ਼ਿਕਾਇਤ ’ਤੇ 20 ਜੁਲਾਈ ਨੂੰ ਥਾਣਾ ਬਡਾਲੀ ਆਲਾ ਸਿੰਘ ਵਿਖੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਜਿਸ ਦੌਰਾਨ ਪਤਾ ਲੱਗਿਆ ਕਿ ਕਥਿਤ ਲੜਕੀ ਮਨਵੀਰ ਕੌਰ ਪੁੱਤਰੀ ਨੇਤਰ ਸਿੰਘ ਵਾਸੀ ਪਿੰਡ ਮਹਿਮਦਪੁਰ ਜੋ ਕਿ ਖੁਦ ਨੂੰ ਐਸ.ਡੀ.ਐਮ. ਰੂਪਨਗਰ ਦੇ ਅਹੁਦੇ ’ਤੇ ਤਾਇਨਾਤ ਦੱਸਦੀ ਹੈ ਵੱਲੋਂ ਹੀ ਉਕਤ ਜਾਅਲੀ ਪੱਤਰ ਬਣਾਇਆ ਗਿਆ ਸੀ ਕਿ ਕਿਉਂਕਿ ਸਲੇਮਪੁਰ ਦੇ ਦਰਖਤ ਵੱਢਣ ਵਾਲੇ ਮਾਮਲੇ ’ਚ ਪੁਲੀਸ ਵੱਲੋਂ ਨਾਮਜ਼ਦ ਕੀਤਾ ਗਿਆ ਕਥਿਤ ਵਿਅਕਤੀ ਨੇਤਰ ਸਿੰਘ ਉਸਦਾ ਮਾਸੜ ਲਗਦਾ ਸੀ। ਪੁਲੀਸ ਵੱਲੋਂ ਗ੍ਰਿਫਤਾਰ ਕੀਤੀ ਗਈ ਮਨਵੀਰ ਕੌਰ ਕੋਲੋਂ ਐਸ.ਡੀ.ਐਮ. ਰੂਪਨਗਰ ਦਾ ਜਾਅਲੀ ਪਛਾਣ ਪੱਤਰ ਅਤੇ ਹੋਰ ਜਾਅਲੀ ਕਾਗਜ਼ਾਤ ਵੀ ਬਰਾਮਦ ਹੋਏ ਹਨ ਜਿਸ ਨੂੰ ਅਦਾਲਤ ’ਚ ਪੇਸ਼ ਕਰਕੇ ਉਸਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।