ਸੰਤੋਖ ਗਿੱਲ
ਮੁੱਲਾਂਪੁਰ ਦਾਖਾ, 1 ਨਵੰਬਰ
ਲੁੱਟੀ ਹੋਈ ਫਾਰਚੂਨਰ ਕਾਰ ਬਰਾਮਦ ਹੋਣ ਤੋਂ ਬਾਅਦ ਉਸ ’ਤੇ ਫ਼ਰਜ਼ੀ ਨੰਬਰ ਲਾ ਕੇ ਸਾਲਾਂ-ਬੱਧੀ ਇਸ ਗੱਡੀ ਨੂੰ ਖੁਦ ਚਲਾਉਣ ਵਾਲੇ ਥਾਣਾ ਦਾਖਾ ਦੇ ਬਹੁ-ਚਰਚਿਤ ਸਾਬਕਾ ਪੁਲੀਸ ਮੁਖੀ ਪ੍ਰੇਮ ਸਿੰਘ ਭੰਗੂ ਖ਼ਿਲਾਫ਼ ਲੁਧਿਆਣਾ (ਦਿਹਾਤੀ) ਪੁਲੀਸ ਵੱਲੋਂ ਮਾਡਲ ਥਾਣਾ ਦਾਖਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਇਕ ਹੋਰ ਸਾਬਕਾ ਥਾਣੇਦਾਰ ਚਮਕੌਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਦੋਵਾਂ ਪੁਲੀਸ ਅਧਿਕਾਰੀਆਂ ਦੇ ਬਚਾਅ ਲਈ ਉੱਤਰੇ ਇਲਾਕੇ ਦੇ ਆਰਟੀਆਈ ਕਾਰਕੁਨ ਜਗਸੀਰ ਸਿੰਘ ਖ਼ਾਲਸਾ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਕਰੀਬ ਇੱਕ ਸਾਲ ਤੋਂ ਲੁਧਿਆਣਾ (ਦਿਹਾਤੀ) ਪੁਲੀਸ ਜਾਂਚ ਦਾ ਹਵਾਲਾ ਦੇ ਕੇ ਮਾਮਲਾ ਟਾਲਦੀ ਆ ਰਹੀ ਸੀ ਪਰ ਹੁਣ 5 ਨਵੰਬਰ ਨੂੰ ਲੁਧਿਆਣਾ ਅਦਾਲਤ ਵਿਚ ਹੋਣ ਵਾਲੀ ਸੁਣਵਾਈ ਦੇ ਮੱਦੇਨਜ਼ਰ ਪੁਲੀਸ ਨੇ ਕੋਈ ਸਖ਼ਤ ਰੁਖ ਅਖ਼ਤਿਆਰ ਹੋਣ ਦੇ ਡਰੋਂ ਇਹ ਕੇਸ ਦਰਜ ਕੀਤਾ ਹੈ। ਦਾਖਾ ਦੇ ਉਪ ਪੁਲੀਸ ਕਪਤਾਨ ਜਸ਼ਨਦੀਪ ਸਿੰਘ ਗਿੱਲ ਨੇ 23 ਸਤੰਬਰ ਨੂੰ ਆਪਣੀ ਜਾਂਚ ਰਿਪੋਰਟ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੂੰ ਸੌਂਪ ਦਿੱਤੀ ਸੀ ਤੇ ਕਾਨੂੰਨੀ ਰਾਏ ਹਾਸਲ ਕਰਨ ਤੋਂ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਦੇ ਹੁਕਮਾਂ ’ਤੇ ਇਹ ਕੇਸ ਦਰਜ ਕੀਤਾ ਗਿਆ ਹੈ। ਅਗਸਤ 2017 ਵਿੱਚ ਇਲਾਕੇ ਵਿੱਚੋਂ ਹਥਿਆਰ ਦਿਖਾ ਕੇ ਲੁੱਟੀ ਕਾਰ ਬਨੂੜ ਪੁਲੀਸ ਵੱਲੋਂ ਇਕ ਹੋਰ ਕੇਸ ’ਚ ਫਰਵਰੀ 2018 ਵਿੱਚ ਬਰਾਮਦ ਕੀਤੀ ਸੀ। ਤਤਕਾਲੀ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਚਿੱਟੇ ਰੰਗ ਦੀ ਫਾਰਚੂਨਰ ਕਾਰ ਪੀਬੀ-10 ਯੂਐੱਫ 0501 ਥਾਣਾ ਬਨੂੜ ਤੋਂ 13 ਮਾਰਚ 2018 ਨੂੰ ਕਬਜ਼ੇ ਵਿੱਚ ਲੈ ਲਈ ਸੀ, ਪਰ ਮਾਲਖ਼ਾਨੇ ਵਿੱਚ ਜਮ੍ਹਾਂ ਕਰਾਉਣ ਦੀ ਥਾਂ ਥਾਣਾ ਮੁਖੀ ਪ੍ਰੇਮ ਸਿੰਘ ਭੰਗੂ ਨੇ ਇਹ ਕਾਰ ਆਪਣੇ ਕੋਲ ਰੱਖ ਲਈ ਸੀ। ਪ੍ਰੇਮ ਸਿੰਘ ਨੇ ਕਾਰ ਉੱਪਰ ਫ਼ਰਜ਼ੀ ਨੰਬਰ ਪੀਬੀ-10ਏ ਜ਼ੈੱਡ 1500 ਲਾ ਕੇ ਘੁੰਮਦੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਬਾਅਦ ਅਕਤੂਬਰ 2021 ਵਿੱਚ ਕਾਰ ਭੰਨ੍ਹਤੋੜ ਕੇ ਥਾਣਾ ਦਾਖਾ ਵਿੱਚ ਖੜ੍ਹਾ ਦਿੱਤੀ ਸੀ। ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਪਹੁੰਚਿਆ ਸੀ, ਜਿਸ ਮਗਰੋਂ ਲੁਧਿਆਣਾ ਦੀ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਸੀ ਪਰ ਲੁਧਿਆਣਾ (ਦਿਹਾਤੀ) ਪੁਲੀਸ ਨੇ ਮਾਮਲਾ ਠੰਢੇ ਬਸਤੇ ਪਾ ਦਿੱਤਾ ਸੀ। ਲੁਧਿਆਣਾ ਦੀ ਅਦਾਲਤ ਵੱਲੋਂ ਜਵਾਬ ਤਲਬ ਕਰਨ ਤੋਂ ਬਾਅਦ ਕੇਸ ਮੁੜ ਖੁੱਲ੍ਹ ਗਿਆ ਹੈ। ਲੁਧਿਆਣਾ (ਦਿਹਾਤੀ) ਪੁਲੀਸ ਦੇ ਕੁਝ ਸਾਬਕਾ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇੰਸਪੈਕਟਰ ਪ੍ਰੇਮ ਸਿੰਘ ਦੀ ਸੇਵਾਮੁਕਤੀ ਤੱਕ ਜਾਂਚ ਨੂੰ ਜਾਣਬੁੱਝ ਕੇ ਲਟਕਾਇਆ ਗਿਆ ਸੀ।