ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਅਕਤੂਬਰ
ਸਨਅਤੀ ਸ਼ਹਿਰ ਦੇ ਜਮਾਲਪੁਰ ਇਲਾਕੇ ਦੀ ਆਹਲੂਵਾਲੀਆ ਕਲੋਨੀ ਵਿੱਚ ਲਗਪਗ ਅੱਠ ਸਾਲ ਪਹਿਲਾਂ ਦੋ ਦਲਿਤ ਭਰਾਵਾਂ ਦੇ ਫ਼ਰਜ਼ੀ ਪੁਲੀਸ ਮੁਕਾਬਲੇ ਦੇ ਮਾਮਲੇ ਵਿੱਚ ਅੱਜ ਲੁਧਿਆਣਾ ਦੀ ਅਦਾਲਤ ਨੇ ਅਕਾਲੀ ਆਗੂ ਤੇ ਦੋ ਪੁਲੀਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦੋਂਕਿ ਇੱਕ ਹੋਰ ਮੁਲਾਜ਼ਮ ਨੂੰ ਇਸੇ ਕੇਸ ਵਿੱਚ ਬਰੀ ਕੀਤਾ ਗਿਆ ਹੈ। ਅਦਾਲਤ ਵੱਲੋਂ ਦੋਸ਼ੀਆਂ ਨੂੰ ਸਜ਼ਾ ਸੋਮਵਾਰ ਨੂੰ ਸੁਣਾਈ ਜਾਵੇਗੀ। ਇਨ੍ਹਾਂ ਪੁਲੀਸ ਮੁਲਾਜ਼ਮਾਂ ਨੇ 27 ਸਤੰਬਰ 2014 ਨੂੰ ਮਾਛੀਵਾੜਾ ਦੇ ਬੋਹਾਪੁਰ ਪਿੰਡ ਦੇ ਵਸਨੀਕ ਦੋ ਸਕੇ ਭਰਾਵਾਂ ਹਰਿੰਦਰ ਸਿੰਘ ਤੇ ਜਤਿੰਦਰ ਸਿੰਘ ਦੀ ਫ਼ਰਜ਼ੀ ਮੁਕਾਬਲੇ ’ਚ ਹੱਤਿਆ ਕਰ ਦਿੱਤੀ ਸੀ। ਅਦਾਲਤ ਨੇ ਇਸ ਕਤਲ ਕੇਸ ਵਿੱਚ ਅਕਾਲੀ ਆਗੂ ਗੁਰਜੀਤ ਸਿੰਘ, ਪੰਜਾਬ ਪੁਲੀਸ ਦੇ ਕਾਂਸਟੇਬਲ ਯਾਦਵਿੰਦਰ ਸਿੰਘ ਤੇ ਪੰਜਾਬ ਹੋਮ ਗਾਰਡ ਦੇ ਜਵਾਨ ਅਜੀਤ ਨੂੰ ਦੋਸ਼ੀ ਠਹਿਰਾਇਆ ਹੈ। ਇਸੇ ਮਾਮਲੇ ਵਿੱਚ ਹੋਮਗਾਰਡ ਬਲਦੇਵ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਨਾਜ਼ਮਦ ਥਾਣਾ ਮਾਛੀਵਾੜਾ ਦੇ ਤਤਕਾਲੀ ਐੱਸਐੱਚਓ ਇੰਸਪੈਕਟਰ ਮਨਜਿੰਦਰ ਸਿੰਘ ਤੇ ਉਨ੍ਹਾਂ ਦੇ ਰੀਡਰ ਕਾਂਸਟੇਬਲ ਸੁਖਬੀਰ ਸਿੰਘ ਹਾਲੇ ਤੱਕ ਲਾਪਤਾ ਹਨ।