ਗੁਰਦੀਪ ਸਿੰਘ ਟੱਕਰ/ਜੋਗਿੰਦਰ ਸਿੰਘ ਓਬਰਾਏ
ਮਾਛੀਵਾੜਾ/ਖੰਨਾ, 14 ਅਕਤੂਬਰ
ਸਥਾਨਕ ਪੁਲੀਸ ਨੇ ਡੀਐੱਸਪੀ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਦੀਪਪ੍ਰੀਤ ਸਿੰਘ ਉਰਫ਼ ਚੀਨੂ ਵਾਸੀ ਮੁਹੱਲਾ ਇੰਦਰਾਪੁਰੀ, ਖੰਨਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੀਪਪ੍ਰੀਤ ਨੇ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਭਰਤੀ ਕਰਵਾਉਣ ਦੇ ਨਾਮ ’ਤੇ ਨੌਜਵਾਨਾਂ ਨਾਲ ਠੱਗੀ ਮਾਰੀ ਹੈ। ਮਾਛੀਵਾੜਾ ਨੇੜਲੇ ਪਿੰਡ ਧਨੂੰਰ ਦੇ ਵਸਨੀਕ ਲਖਵਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ 12ਵੀਂ ਪਾਸ ਹੈ ਤੇ ਨੌਕਰੀ ਦੀ ਤਲਾਸ਼ ਕਰ ਰਿਹਾ ਸੀ। ਪਿੰਡ ਦੇ ਰਾਜ ਸਿੰਘ ਨੇ ਉਸ ਨੂੰ ਦੱਸਿਆ ਕਿ ਇੱਕ ਡੀਐੱਸਪੀ ਪੈਸੇ ਲੈ ਕੇ ਪੁਲੀਸ ’ਚ ਭਰਤੀ ਕਰਵਾ ਸਕਦਾ ਹੈ। 19 ਜਨਵਰੀ ਨੂੰ ਉਹ ਮਾਛੀਵਾੜਾ ਕਚਹਿਰੀਆਂ ’ਚ ਮੁਲਜ਼ਮ ਨੂੰ ਮਿਲਿਆ, ਜਿੱਥੇ ਪਿੰਡ ਦੇ ਵਸਨੀਕ ਰਾਜ ਸਿੰਘ, ਗੁਰਭੇਜ ਸਿੰਘ ਈਸਾਪੁਰ, ਗੁਰਜੰਟ ਸਿੰਘ ਸੈਸੋਂਵਾਲ ਕਲਾਂ ਤੇ ਅਮਨਪ੍ਰੀਤ ਸਿੰਘ ਧਨੂੰਰ ਵੀ ਮੌਜੂਦ ਸਨ। ਉਕਤ ਵਿਅਕਤੀ ਨੇ ਆਪਣੀ ਪਛਾਣ ਸੀਆਈਏ ਸਟਾਫ਼ ’ਚ ਤਾਇਨਾਤ ਡੀਐੱਸਪੀ ਦੀਪਪ੍ਰੀਤ ਸਿੰਘ ਵਜੋਂ ਦੱਸੀ ਤੇ ਪਛਾਣ ਪੱਤਰ ਦਿਖਾਇਆ। ਮੁਲਜ਼ਮ ਨੇ ਪੁਲੀਸ ’ਚ ਕਾਂਸਟੇਬਲ ਭਰਤੀ ਕਰਨ ਲਈ ਹਰੇਕ ਨੌਜਵਾਨ ਤੋਂ 3-3 ਲੱਖ ਰੁਪਏ ਦੀ ਮੰਗ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਮੁਲਜ਼ਮ ਦੀਪਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਡੀਐੱਸਪੀ ਦੀ ਵਰਦੀ ਤੇ ਜਾਅਲੀ ਪਛਾਣ ਪੱਤਰ ਬਰਾਮਦ ਕਰ ਲਿਆ ਹੈ।
ਈਮੇਲ ਰਾਹੀਂ ਬਤੌਰ ਕਾਂਸਟੇਬਲ ਨਿਯੁਕਤੀ ਦੇ ਪੱਤਰ ਭੇਜੇ
ਮੁਲਜ਼ਮ ਨੇ ਉਕਤ ਨੌਜਵਾਨਾਂ ਨੂੰ ਈਮੇਲ ਰਾਹੀਂ ਬਤੌਰ ਕਾਂਸਟੇਬਲ ਭਰਤੀ ਹੋਣ ਨਿਯੁਕਤੀ ਪੱਤਰ ਤੇ ਪੀਐੱਮਟੀ ਸਲਿੱਪਾਂ ਵੀ ਭੇਜੀਆਂ ਸਨ। ਸ਼ਿਕਾਇਤਕਰਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਨਿਯੁਕਤੀ ਪੱਤਰਾਂ ਵਿੱਚ ਦੋ ਜੂਨ 2022 ਨੂੰ ਜੁਆਇਨਿੰਗ ਲਈ ਸਾਰੇ ਦਸਤਾਵੇਜ਼ਾਂ ਨਾਲ ਪਹੁੰਚਣ ਲਈ ਕਿਹਾ ਗਿਆ ਸੀ।