ਸੁਰਜੀਤ ਮਜਾਰੀ
ਬੰਗਾ, 30 ਅਪਰੈਲ
ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਕੇ ਪ੍ਰਚਾਰ ਭਖਾ ਦਿੱਤਾ ਹੈ ਜਦੋਂਕਿ ਭਾਰਤੀ ਜਨਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਆਪਣੇ ਉਮੀਦਵਾਰਾਂ ਬਾਰੇ ਅਜੇ ਤੱਕ ਕੋਈ ਵੀ ਉੱਘ ਸੁੱਘ ਨਹੀਂ ਕੱਢ ਰਹੀਆਂ।
ਭਾਜਪਾ ਵੱਲੋਂ ਪਾਰਟੀ ਦੇ ਸਾਬਕਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਅਤੇ ਬਸਪਾ ਵੱਲੋਂ ਮੌਜੂਦਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਉਮੀਦਵਾਰ ਬਣਾਉਣ ਦੇ ਚਰਚੇ ਹਨ। ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਦੀ ਚੋਣ ’ਚ ਹੋ ਰਹੀ ਦੇਰੀ ਸਬੰਧੀ ਦੱਸਿਆ ਕਿ ਬਾਕੀ ਹਲਕਿਆਂ ਵਾਂਗ ਜ਼ਮੀਨੀ ਪੱਧਰ ’ਤੇ ਸਮੀਖਿਆ ਦੇ ਆਧਾਰ ’ਤੇ ਜਲਦ ਹੀ ਫ਼ੈਸਲਾ ਲੈ ਲਿਆ ਜਾਵੇਗਾ। ਇਵੇਂ ਬਸਪਾ ਦੇ ਨਵਾਂਸ਼ਹਿਰ ਤੋਂ ਇਕਲੌਤੇ ਵਿਧਾਇਕ ਨਛੱਤਰ ਪਾਲ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਹੋਣ ਦਾ ਐਲਾਨ ਇੱਕ ਦੋ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਭਾਜਪਾ ਵੱਲੋਂ ਇਸ ਹਲਕੇ ਤੋਂ ਬਾਕੀ ਦਾਅਵੇਦਾਰਾਂ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਤੇ ਸੂਬਾਈ ਆਗੂ ਡਾ. ਸੁਭਾਸ਼ ਸ਼ਰਮਾ ਤੋਂ ਇਲਾਵਾ ਅੱਠ ਚਾਹਵਾਨ ਦੱਸੇ ਜਾ ਰਹੇ ਹਨ। ਇਵੇਂ ਬਸਪਾ ਵੱਲੋਂ ਪਾਰਟੀ ਦੇ ਸੂਬਾਈ ਆਗੂ ਠੇਕੇਦਰ ਅਜੀਤ ਸਿੰਘ ਭੈਣੀ ਅਤੇ ਸਾਬਕਾ ਵਿਧਾਇਕ ਐਡਵੋਕੇਟ ਹਰਗੋਪਾਲ ਸਿੰਘ ਸਣੇ ਬਾਰਾਂ ਉਮੀਦਵਾਰਾਂ ਦੀਆਂ ਦਾਅਵੇਦਾਰੀਆਂ ਦੱਸੀਆਂ ਜਾ ਰਹੀਆਂ ਹਨ। ਭਾਜਪਾ ਦੇ ਸਾਬਕਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਅਤੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਆਪੋ ਆਪਣੀ ਦਾਅਵੇਦਾਰੀ ਸਬੰਧੀ ਪੱਖ ਰੱਖਦਿਆਂ ਕਿਹਾ ਕਿ ਇਹ ਫੈਸਲਾ ਉਨ੍ਹਾਂ ਦੀਆਂ ਪਾਰਟੀਆਂ ਦੇ ਕੌਮੀ ਪ੍ਰਧਾਨਾਂ ਦੇ ਫ਼ੈਸਲੇ ’ਤੇ ਨਿਰਭਰ ਕਰਦਾ ਹੈ।