ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 23 ਅਗਸਤ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਨਵੇਂ ਭਰਤੀ ਹੋਏ ਫ਼ੈਕਲਟੀ ਮੈਂਬਰਾਂ ਲਈ 2 ਰੋਜ਼ਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਹਰਨੀਤ ਬਿਲਿੰਗ ਨੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੱਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਸੋਸੀਏਟ ਪ੍ਰੋਫ਼ੈਸਰ ਯੂਬੀਐੱਸ ਡਾ. ਤੇਜਿੰਦਰ ਸਿੰਘ ਨੇ ਪਾਠ ਸਮੱਗਰੀ ਦੀ ਪ੍ਰਭਾਵੀ ਡਿਲੀਵਰੀ ਲਈ ਤਕਨਾਲੋਜੀ ਦੀ ਲੋੜ ਅਤੇ ਪਾਠਕ੍ਰਮ ਡਿਲੀਵਰੀ ਲਈ ਵਰਤੇ ਜਾ ਸਕਣ ਵਾਲੇ ਨਵੀਨਤਮ ਡਿਜੀਟਲ ਸਾਧਨਾਂ ਬਾਰੇ ਵਿਚਾਰ ਸਾਂਝੇ ਕੀਤੇ। ਸਾਬਕਾ ਡੀਨ ਫੈਕਲਟੀ ਆਫ਼ ਐਜੂਕੇਸ਼ਨ ਡਾ. ਜਸਵੀਰ ਕੌਰ ਚਾਹਲ ਨੇ ਕਲਾਸ ਵਿੱਚ ਢੁਕਵੇਂ ਵਿਦਿਆਰਥੀ-ਅਧਿਆਪਕ ਸਬੰਧਾਂ ਨੂੰ ਪਰਿਭਾਸ਼ਿਤ ਕਰਨ ਦੀ ਲੋੜ ’ਤੇ ਚਰਚਾ ਕੀਤੀ। ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਐੱਸ.ਐੱਸ ਬਿਲਿੰਗ ਨੇ ਪਾਠਕ੍ਰਮ ਨੂੰ ਡਿਜ਼ਾਈਨ ਕਰਨ ਦੀ ਪ੍ਰਕਿਰਿਆ ਅਤੇ ਮੁਲਾਂਕਣ ਰਣਨੀਤੀਆਂ ’ਤੇ ਚਰਚਾ ਕੀਤੀ। ਕੰਪਿਊਟਰ ਸਾਇੰਸ ਵਿਭਾਗ ਦੀ ਮੁਖੀ ਪ੍ਰੋ. ਨਵਦੀਪ ਕੌਰ ਨੇ ਅਕਾਦਮਿਕ ਕੰਮਾਂ ਦੇ ਪ੍ਰਭਾਵੀ ਮੁਲਾਂਕਣ ਲਈ ‘ਅਕਾਦਮਿਕ ਰਿਕਾਰਡ ਨੂੰ ਕਿਵੇਂ ਸੰਭਾਲਿਆ ਜਾਵੇ’ ਬਾਰੇ ਦੱਸਿਆ। ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਪ੍ਰੋ. ਸੀ. ਰਾਜੇਸ਼ ਨੇ ‘ਪਾਠਕ੍ਰਮ ਡਿਲੀਵਰੀ ਲਈ ਅਕਾਦਮਿਕ ਸਰੋਤ’ ਵਿਸ਼ੇ ’ਤੇ ਵਿਸਥਾਰਕ ਸੂਚੀ ਸਾਂਝੀ ਕੀਤੀ। ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਤੇਜਬੀਰ ਸਿੰਘ ਨੇ ‘ਖੋਜ ਅਤੇ ਪ੍ਰਕਾਸ਼ਨ ਨੈਤਿਕਤਾ ਦੇ ਅਧਾਰ’ ’ਤੇ ਚਰਚਾ ਕੀਤੀ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਪ੍ਰਿਤਪਾਲ ਸਿੰਘ ਨੇ ਭਾਗ ਲੈਣ ਵਾਲਿਆਂ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ।