ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 9 ਅਕਤੂਬਰ
ਪਿੰਡ ਰੰਗੀਆਂ ਸਥਿਤ ਕਬਾੜ ਦੀ ਫੈਕਟਰੀ ਵਿਚ ਕੱਲ੍ਹ ਹੋਏ ਧਮਾਕੇ ਦੇ ਮਾਮਲੇ ਵਿੱਚ ਫੈਟਕਰੀ ਮਾਲਕ ਰਵਿੰਦਰ ਕਾਲੀਆ ਅਤੇ ਫੈਕਟਰੀ ਇੰਚਾਰਜ ਦੀਪਕ ਸਿੰਘ ਵਿਰੁੱਧ ਕੇੇਸ ਦਰਜ ਕੀਤਾ ਗਿਆ ਹੈ। ਫ਼ਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਹਾਦਸੇ ਵਿੱਚ ਸੱਤ ਕਾਮੇ ਜ਼ਖ਼ਮੀ ਹੋਏ ਸਨ। ਦਿਆਨੰਦ ਹਸਪਤਾਲ ਲੁਧਿਆਣਾ ’ਚ ਜ਼ੇਰੇ ਇਲਾਜ ਦੁਰਗੇਸ਼ ਕੁਮਾਰ, ਰਵੀ ਕੁਮਾਰ ਤੇ ਰਾਮ ਬਾਬੂ ਦੀ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੂਦ ਹਸਪਤਾਲ ਵਿੱਚ ਦਾਖ਼ਲ ਪਿੰਡ ਗਾਪੀਆ, ਸ਼ਹਾਪੁਰਾ ਡਿੰਡੋਰੀ (ਮੱਧ ਪ੍ਰਦੇਸ਼) ਦੇ ਵਸਨੀਕ ਅਕਸ਼ੈ ਕੁਮਾਰ ਟਾਡੀਆ ਨੇ ਥਾਣਾ ਡੇਹਲੋਂ ਦੀ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਾਇਆ ਕਿ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਕਾਮਿਆਂ ਨੂੰ ਇਹ ਕਬਾੜ ਬੇਲਿੰਗ ਮਸ਼ੀਨ ਵਿੱਚ ਪ੍ਰੈੱਸ ਕਰਨ ਲਈ ਦਿੱਤਾ ਗਿਆ, ਜਿਸ ਵਿੱਚ ਕੋਈ ਧਮਾਕਾਖੇਜ਼ ਪਦਾਰਥ ਸੀ ਅਤੇ ਜਿਸ ਦੇ ਫਟਣ ਨਾਲ ਉਸ ਸਮੇਤ ਸੱਤ ਜਣੇ ਬੁਰੀ ਤਰ੍ਹਾਂ ਝੁਲਸ ਗਏ। ਇਸ ਸਬੰਧੀ ਐੱਸਐੱਚਓ ਪਰਮਦੀਪ ਸਿੰਘ ਨੇ ਦੱਸਿਆ ਕਿ ਘਟਨਾ ਦੀ ਪੜਤਾਲ ਮਗਰੋਂ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਦੇਰ ਰਾਤ ਫੈਕਟਰੀ ਦੇ ਮਾਲਕ ਰਵਿੰਦਰ ਕਾਲੀਆ ਤੇ ਫੈਕਟਰੀ ਇੰਚਾਰਜ ਦੀਪਕ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।