ਨਵਕਿਰਨ ਸਿੰਘ/ਲਖਬੀਰ ਸਿੰਘ
ਮਹਿਲ ਕਲਾਂ/ਟੱਲੇਵਾਲ, 27 ਜਨਵਰੀ
ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਕਾਂਗਰਸ ਦੀ ਗੁੱਟਬਾਜ਼ੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ। ਕਾਂਗਰਸ ਪਾਰਟੀ ਵੱਲੋਂ ਮਹਿਲ ਕਲਾਂ ਤੋਂ ਬੀਬੀ ਹਰਚੰਦ ਕੌਰ ਘਨੌਰੀ ਨੂੰ ਟਿਕਟ ਦੇਣ ’ਤੇ ਜਿੱਥੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਉੱਥੇ ਹੀ ਵੱਡੀ ਗਿਣਤੀ ਕਾਂਗਰਸੀਆਂ ਨੇ ਸਥਾਨਕ ਅਨਾਜ ਮੰਡੀ ’ਚ ਇਕੱਠ ਕਰਕੇ ਹਾਈ ਕਮਾਂਡ ਤੋਂ ਟਿਕਟ ਬਦਲਣ ਦੀ ਮੰਗ ਕੀਤੀ ਹੈ। ਕਾਂਗਰਸ ਦੀ ਗੁੱਟਬਾਜ਼ੀ ਕਾਰਨ ਹੀ ਹਾਈ ਕਮਾਂਡ ਨੂੰ ਮਹਿਲ ਕਲਾਂ ਤੋਂ ਟਿਕਟ ਐਲਾਨਣ ਵਿੱਚ ਦੇਰੀ ਹੋਈ ਹੈ ਪਰ ਟਿਕਟ ਦੇ ਬਾਕੀ ਦਾਅਵੇਦਾਰਾਂ ਨੂੰ ਭਰੋਸੇ ਵਿੱਚ ਲਏ ਬਗੈਰ ਟਿਕਟ ਦਾ ਐਲਾਨ ਕਰਨ ਨਾਲ ਪਾਰਟੀ ਵਿੱਚ ਬਾਗੀ ਸੁਰਾਂ ਹੋਰ ਵੱਧ ਤਿੱਖੀਆਂ ਹੋਈਆਂ ਹਨ।
ਹਾਈ ਕਮਾਂਡ ਤੋਂ ਟਿਕਟ ਬਦਲਣ ਦੀ ਮੰਗ ਕਰਨ ਵਾਲਿਆਂ ’ਚ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਰੋਸ਼ਨ ਲਾਲ ਬਾਂਸਲ, ਕਾਂਗਰਸ ਦੇ ਬਲਾਕ ਪ੍ਰਧਾਨ ਤੇਜਪਾਲ ਸੱਦੋਵਾਲ, ਸਾਬਕਾ ਬਲਾਕ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ, ਸਰਪੰਚ ਰਣਜੀਤ ਸਿੰਘ ਕਲਾਲਾ, ਜ਼ਿਲ੍ਹਾ ਪਰਿਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ, ਬਲਾਕ ਸਮਿਤੀ ਮੈਂਬਰ ਹਰਪ੍ਰੀਤ ਸਿੰਘ ਮੂੰਮ, ਯੂਥ ਆਗੂ ਤੇ ਟਿਕਟ ਦੇ ਦਾਅਵੇਦਾਰ ਬੰਨੀ ਖਹਿਰਾ ਹਾਜ਼ਰ ਸਨ। ਬਹੁਜਨ ਸਮਾਜ ਪਾਰਟੀ ਦੇ ਸਾਬਕਾ ਆਗੂ ਤੇ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਟਿੱਬਾ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ’ਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਤੇ ਟਿਕਟ ਦੇ ਦਾਅਵੇਦਾਰ ਸਨ ਤੇ ਅੱਜ ਉਨ੍ਹਾਂ ਵੀ ਹਾਈ ਕਮਾਂਡ ਨਾਲ ਨਾਰਾਜ਼ਗੀ ਜ਼ਾਹਰ ਕੀਤੀ। ਇਸੇ ਤਰ੍ਹਾਂ ਹਲਕੇ ਦੇ ਕਈ ਪਿੰਡਾਂ ਦੇ ਸਰਪੰਚ ਤੇ ਕਾਂਗਰਸੀ ਆਗੂ ਪਹਿਲਾਂ ਹੀ ਹਲਕਾ ਇੰਚਾਰਜ ਨੂੰ ਟਿਕਟ ਨਾ ਦੇਣ ਦੀ ਮੰਗ ਕਰ ਰਹੇ ਸਨ। ਪਿੰਡ ਦੀਵਾਨਾ ਦੀ ਕਾਂਗਰਸ ਪਾਰਟੀ ਨਾਲ ਸਬੰਧਤ ਪੰਚਾਇਤ ਨੇ ਕਾਂਗਰਸ ਹਾਈ ਕਮਾਂਡ ਤੋਂ ਉਮੀਦਵਾਰ ਬਦਲੇ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧੀ ਸਰਪੰਚ ਰਣਧੀਰ ਸਿੰਘ ਨੇ ਕਿਹਾ ਕਿ ਜੇ ਪਾਰਟੀ ਨੇ ਉਮੀਦਵਾਰ ਨਾ ਬਦਲਿਆ ਤਾਂ ਸਾਥੀਆਂ ਨਾਲ ਰਾਏ ਕਰਕੇ ਵੱਡਾ ਫ਼ੈਸਲਾ ਕਰਨਗੇ।