ਇਕਬਾਲ ਸਿੰਘ ਸ਼ਾਂਤ
ਲੰਬੀ, 21 ਮਾਰਚ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਦਿੱਲੀ ਦੇ ਆਗੂਆਂ ਨੂੰ ਉਮੀਦਵਾਰ ਬਣਾਉਣ ਨਾਲ ਸਾਬਤ ਹੋ ਗਿਆ ਕਿ ਪੰਜਾਬ ਦੀ ‘ਆਪ’ ਸਰਕਾਰ ਦਿੱਲੀ ਦੀ ਕਠਪੁਤਲੀ ਬਣ ਕੇ ਚੱਲੇਗੀ। ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਰਾਜ ਸਭਾ ’ਚ ਪੰਜਾਬ ਦੇ ਪ੍ਰਮੁੱਖ ਅਕਾਲੀ ਆਗੂਆਂ ਨੂੰ ਭੇਜਿਆ ਜਾਂਦਾ ਸੀ। ‘ਆਪ’ ਸਰਕਾਰ ਦੀ ਇਹ ਕਾਰਗੁਜ਼ਾਰੀ ਪੰਜਾਬ ਦੇ ਲੋਕਾਂ ਦਿੱਤੇ ਵੱਡੇ ਬਹੁਮਤ ਦਾ ਅਪਮਾਨ ਅਤੇ ਅਣਦੇਖੀ ਹੈ। ਸ੍ਰੀ ਬਾਦਲ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗੇਗਾ ਕਿ ਝੂਠੇ ਪ੍ਰਚਾਰ ਰਾਹੀਂ ਸੱਤਾ ਵਿੱਚ ਆਈ ‘ਆਪ’ ਸਰਕਾਰ ਤੋਂ ਕੁਝ ਹਾਸਲ ਨਹੀਂ ਹੋਵੇਗਾ, ਸਗੋਂ ਇਹ ਪੰਜਾਬ ਤੋਂ ਪਾਣੀਆਂ ਸਮੇਤ ਹੋਰ ਬਹੁਤ ਕੁਝ ਦਿੱਲੀ ਲੈ ਜਾਵੇਗੀ।
ਸ੍ਰੀ ਬਾਦਲ ਨੇ ਕਿਹਾ ਕਿ ਜਿਹੜੇ ਆਗੂਆਂ ਨੂੰ ਨਾ ਪੰਜਾਬ ਨਾਲ ਪਿਆਰ ਅਤੇ ਨਾ ਹੀ ਸਤਿਕਾਰ ਹੈ, ਉਹ ਕਿਸੇ ਕੀਮਤ ’ਤੇ ਰਾਜ ਸਭਾ ਵਿੱਚ ਪੰਜਾਬ ਦੇ ਮਸਲੇ ਨਹੀਂ ਚੁੱਕਣਗੇ। ਉਨ੍ਹਾਂ ਕਿਹਾ ਕਿ ਇਹ ਤਾਂ ਕਿਸੇ ਹੋਰ ਥਾਂ ਦੇ ਵਸਨੀਕ ਵਿਅਕਤੀ ਨੂੰ ਪਿੰਡ ਦਾ ਸਰਪੰਚ ਬਣਾਉਣ ਵਾਲੀ ਗੱਲ ਹੋ ਗਈ ਹੈ। ਲੰਬੀ ਹਲਕੇ ਵਿੱਚ ਧੰਨਵਾਦੀ ਦੌਰੇ ਦੇ ਦੂਸਰੇ ਦਿਨ ਪਿੰਡ ਮਿੱਡੂਖੇੜਾ ਵਿੱਚ ਗੱਲਬਾਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਰਾਜ ਸਭਾ ਵਿੱਚ ਸੂਬੇ ਦੀ ਆਵਾਜ਼ ਅਤੇ ਮਸਲੇ ਪ੍ਰਮੁੱਖਤਾ ਨਾਲ ਉਠਾਉਣ ਲਈ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਅਤੇ ਨਰੇਸ਼ ਗੁਜਰਾਲ ਜਿਹੇ ਪੰਜਾਬ ਦੇ ਆਗੂਆਂ ਨੂੰ ਭੇਜਿਆ ਸੀ।
ਉਨ੍ਹਾਂ ਵਿਰੋਧੀ ਧਿਰਾਂ ਨੂੰ ਬਹਿਸ ਦੀ ਚੁਣੌਤੀ ਦਿੰਦਿਆਂ ਆਖਿਆ ਕਿ ਅਕਾਲੀ ਦਲ ਨੇ ਐਮਰਜੈਂਸੀ, ਹਰ ਫਰੰਟ ’ਤੇ ਸੂਬੇ ਦੇ ਹਿੱਤਾਂ ਲਈ ਡਟਵੇਂ ਫਰਜ਼ ਨਿਭਾਏ ਅਤੇ ਸੱਤਾ ਵਿੱਚ ਆਉਣ ’ਤੇ ਪੰਜਾਬ ਦਾ ਰੱਜ ਕੇ ਵਿਕਾਸ ਕੀਤਾ, ਜਦ ਕਿ ਹੋਰ ਕੋਈ ਪਾਰਟੀ ਉਸ ਦਾ ਦਸ ਫ਼ੀਸਦੀ ਵਿਕਾਸ ਵੀ ਨਹੀਂ ਕਰ ਸਕਦੀ।
ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਝੂਠ ਦੀ ਰਾਜਨੀਤੀ ਨਹੀਂ ਕਰਦਾ, ਪਾਰਟੀ ਕਰ ਕੇ ਦਿਖਾਉਣ ਵਿੱਚ ਵਿਸ਼ਵਾਸ ਰੱਖਦੀ ਹੈ। ਲੰਬੀ ਹਲਕੇ ’ਚ ਹਾਰ ਬਾਰੇ ਉਨ੍ਹਾਂ ਕਿਹਾ ਕਿ ਉਹ ਲੋਕ ਫਤਵੇ ਨੂੰ ਸਿਰ-ਮੱਥੇ ਲੈਂਦੇ ਹਨ। ਉਨ੍ਹਾਂ ਅੱਜ ਪਿੰਡ ਵੜਿੰਗਖੇੜਾ, ਮਿੱਡੂਖੇੜਾ, ਹਾਕੂਵਾਲਾ, ਚੱਕ ਮਿੱਡੂ ਸਿੰਘਵਾਲਾ ਅਤੇ ਭੁੱਲਰਵਾਲਾ ਵਿੱਚ ਧੰਨਵਾਦੀ ਦੌਰਾ ਕੀਤਾ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਿੰਨ ਸਮਾਜਿਕ ਫ਼ੈਸਲਿਆਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਸਵੰਧ ਕੱਢਣਾ ਸ਼ੁਰੂ ਕੀਤਾ ਹੈ। ਦੂਸਰਾ ਗਰੀਬ ਹੋਣਹਾਰ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕਰਨ ਦੀ ਗੱਲ ਆਖੀ। ਤੀਸਰਾ ਉਨ੍ਹਾਂ ਪੱਲਿਓਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਉਣ ਬਾਰੇ ਕਿਹਾ। ਉਨ੍ਹਾਂ ਲੋਕਾਂ ਨੂੰ ਦਸਵੰਧ ਕੱਢਣ ਲਈ ਪ੍ਰੇਰਿਆ।
‘ਆਪ’ ਨੇ ਪੰਜਾਬ ਤੇ ਪੰਜਾਬੀਅਤ ਨੂੰ ਸੱਟ ਮਾਰੀ: ਇਆਲੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਦਲ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਮੀਡੀਆ ਨਾਲ ਗੱਲ ਕਰਦਿਆਂ ਮੌਜੂਦਾ ਸੂਬਾ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ‘ਆਪ’ ਨੇ ਰਾਜ ਸਭਾ ਲਈ ਬਾਹਰਲੇ ਵਿਅਕਤੀ ਨਾਮਜ਼ਦ ਕਰ ਕੇ ਪੰਜਾਬ ਤੇ ਪੰਜਾਬੀਅਤ ਨੂੰ ਸੱਟ ਮਾਰੀ ਹੈ। ਇੱਕ ਬਿਆਨ ਵਿੱਚ ਅਕਾਲੀ ਵਿਧਾਇਕ ਨੇ ਕਿਹਾ ਕਿ ਪੰਜਾਬ ਪੱਖੀ ਤੇ ਪੰਜਾਬੀਅਤ ਪੱਖੀ ਬਦਲਾਅ ਲਿਆਉਣ ਤੋਂ ਕੋਹਾਂ ਦੂਰ ‘ਆਪ’ ਨੇ ਰਾਜ ਸਭਾ ਟਿਕਟਾਂ ਵਾਪਰੀਆਂ ਨੂੰ ਦੇ ਕੇ ਪੰਜਾਬੀਆਂ ਨਾਲ ਵੱਡਾ ਧੋਖਾ ਕੀਤਾ ਹੈ। ਇਆਲੀ ਨੇ ਕਿਹਾ ਕਿ ‘ਆਪ’ ਪੰਜਾਬ ਨੂੰ ਜਿੱਤਿਆ ਹੋਇਆ ਇਲਾਕਾ ਮੰਨ ਕੇ ਹੁਣ ਲੁੱਟ ਦਾ ਹਿੱਸਾ ਆਪਣੇ ਆਕਾਵਾਂ ਅਤੇ ਨਿਵੇਸ਼ਕਾਂ ਨੂੰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਅਤ ਦੇ ਕਿਸੇ ਵੀ ਮੁਦੱਈ, ਪ੍ਰਮੁੱਖ ਸਮਾਜਿਕ ਵਰਕਰ ਜਾਂ ਫਿਰ ਪੰਜਾਬ ਦੇ ਹੱਕਾਂ ਲਈ ਲੜਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਾਮਜ਼ਦ ਨਾ ਕਰਨਾ ਸਾਬਤ ਕਰਦਾ ਹੈ ਕਿ ਪਾਰਟੀ ਨੇ ਸੂਬਾ ਵਾਸੀਆਂ ਦੇ ਹਿੱਤਾਂ ਨੂੰ ਅਣਡਿੱਠ ਕਰ ਦਿੱਤਾ ਹੈ। ਅਕਾਲੀ ਆਗੂ ਨੇ ਕਿਹਾ ਕਿ ਪਹਿਲਾਂ ਜੋ ਖਦਸ਼ੇ ਪ੍ਰਗਟਾਏ ਜਾ ਰਹੇ ਸਨ ਕਿ ‘ਆਪ’ ਸਰਕਾਰ ਨੂੰ ਦਿੱਲੀ ਤੋਂ ਰਿਮੋਰਟ ਕੰਟਰੋਲ ਨਾਲ ਚਲਾਇਆ ਜਾਵੇਗਾ, ਹੁਣ ਉਹ ਹੌਲੀ-ਹੌਲੀ ਸੱਚ ਸਾਬਤ ਹੋ ਰਹੇ ਹਨ। ਇਆਲੀ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪਾਰਟੀ ਨੂੰ ਰਾਜ ਸਭਾ ਲਈ ਨਾਮਜ਼ਦ ਕਰਨ ਵਾਸਤੇ ਇੱਕ ਵੀ ਅਜਿਹਾ ਵਿਅਕਤੀ ਨਹੀਂ ਲੱਭਿਆ, ਜਿਸ ਦੀ ਹਾਮੀ ਸੂਬਾ ਵਾਸੀ ਵੀ ਭਰਦੇ ਹੋਣ। ਉਨ੍ਹਾਂ ਕਿਹਾ ਕਿ ਪਾਰਟੀ ਨੇ ਸਿਰਫ਼ ‘ਖਾਸ ਆਦਮੀਆਂ’ ਨੂੰ ਹੀ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਹੈ।