ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 24 ਨਵੰਬਰ
ਸਰਕਾਰੀ ਤੰਤਰ ਨੇ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸ ਵੇਅ (ਐਨ.ਐਚ-754) ਲਈ ਗ੍ਰਹਿਣ ਜ਼ਮੀਨ ਦੀ ਕਬਜ਼ਾ ਕਾਰਵਾਈ ਅੱਜ ਪੰਜਾਬ ਸਰਹੱਦ ਤੋਂ ਕਰੀਬ 17 ਕਿਲੋਮੀਟਰ (ਪੰਜਾਹ ਫ਼ੀਸਦੀ) ਪਿੰਡ ਅਬੁੱਬਸ਼ਹਿਰ ਤੱਕ ਨੇਪਰੇ ਚਾੜ੍ਹ ਲਈ ਗਈ। ਡੱਬਵਾਲੀ ਹਲਕੇ ’ਚ ਐਕਸਪ੍ਰੈਸ ਵੇਅ ਦਾ ਕਰੀਬ 34.8 ਕਿਲੋਮੀਟਰ ਖੇਤਰ ਆਉਂਦਾ ਹੈ। ਕਿਸਾਨਾਂ ਨੇ ਗ੍ਰੀਨ ਫੀਲਡ ’ਚ 70 ਮੀਟਰ ਗ੍ਰਹਿਣ ਰਕਬੇ ਤੋਂ ਬਾਹਰਲੀ ਜ਼ਮੀਨ ਕਬਜ਼ੇ ’ਚ ਲੈਣ ਅਤੇ ਖੜ੍ਹੀਆਂ ਫ਼ਸਲਾਂ ਉਜਾੜਨ ਬਾਰੇ ਐੱਨਐੱਚਏਆਈ/ ਪ੍ਰਸ਼ਾਨਿਕ ਅਫ਼ਸਰਾਂ ਖਿਲਾਫ਼ ਸਿਟੀ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ। ਕਿਸਾਨਾਂ ਨੇ ਅੱਜ ਮੀਟਿੰਗ ਕਰਕੇ ਬੀਤੇ ਦਿਨ ਡੱਬਵਾਲੀ ਪਿੰਡ ਵਿਖੇ ਪਰਿਵਾਰਾਂ ਸਮੇਤ ਟਰੈਕਟਰਾਂ ’ਤੇ ਖੱਟਰ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਪ੍ਰਸ਼ਾਸਨ ਵੱਲੋਂ ਐੱਸਡੀਐੱਮ ਡੱਬਵਾਲੀ, ਤਿੰਨ ਡੀਐੱਸਪੀ ਅਤੇ ਪੰਜ ਐੱਸਐੱਚਓ ਅਤੇ ਸੱਤ ਡਿਊਟੀ ਮਜਿਸਟਰੇਟਾਂ ਦੀ ਅਗਵਾਈ ਹੇਠ ਐਕਸਪ੍ਰੈੱਸ ਹਾਈਵੇ ਲਈ ਕਬਜ਼ਾ ਕਾਰਵਾਈ ਤਾਇਨਾਤ ਹਨ। ਕਿਸਾਨ ਆਗੂ ਦਇਆ ਰਾਮ ਉਲਾਨੀਆ ਨੇ ਕਿਹਾ ਕਿ ਪਿੰਡ ਜੋਗੇਵਾਲਾ, ਪਿੰਡ ਡੱਬਵਾਲੀ ਅਤੇ ਅਲੀਕਾਂ ’ਚ ਪ੍ਰਸ਼ਾਸਨ ਵੱਲੋਂ ਗ੍ਰੀਨ ਫੀਲਡ ’ਚ ਜ਼ਮੀਨ ਦਾ ਕਬਜ਼ਾ ਲੈਣ ਸਮੇਂ ਬਹੁਤ ਥਾਈਂ ਵੱਧ ਜ਼ਮੀਨ ਕਬਜ਼ੇ ਹੇਠ ਲੈ ਲਈ। ਉਨ੍ਹਾਂ ਕਿਹਾ ਕਿ ਪਹਿਲਾਂ ਖੇਤਾਂ ’ਚ ਕਿਸਾਨਾਂ ਵੱਲੋਂ ਵੜਨ ਨਾ ਦੇਣ ਕਰਕੇ ਪੈਮਾਇਸ਼ ਵਾਲੇ ਖੰਭੇ ਨਹੀਂ ਲਗਾਏ ਗਏ। ਹੁਣ ਮਸ਼ੀਨ ਨਾਲ ਅੰਦਾਜ਼ੇ ਵਾਲੀ ਪੈਮਾਇਸ਼ ’ਚ ਕਿਸਾਨਾਂ ਦੀ ਵੱਧ ਜ਼ਮੀਨ ਰੋਕੀ ਜਾ ਰਹੀ ਹੈ। ਕਿਸਾਨਾਂ ਨੇ ਪੁਲੀਸ ਨੂੰ ਸ਼ਿਕਾਇਤ ’ਚ ਪ੍ਰਸ਼ਾਸਨ ਵੱਲੋਂ ਕਬਜ਼ਾ ਲੈਣ ਸਮੇਂ ਗ੍ਰਹਿਣ ਜ਼ਮੀਨ ਤੋਂ ਬਾਹਰ ਖੇਤਾਂ ’ਚ ਖੜ੍ਹੀ ਸਰ੍ਹੋਂ ਤੇ ਕਣਕ ਫ਼ਸਲ ਉਜਾੜਨ ਦੇ ਦੋਸ਼ ਲਗਾਏ। ਉਨ੍ਹਾਂ 70 ਹਜ਼ਾਰ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਦੇਸ਼ ਸ਼ਾਮ ਡੱਬਵਾਲੀ ਦੇ ਐੱਸਡੀਐੱਮ ਰਾਜੇਸ਼ ਪੂਨੀਆ ਨਾਲ ਮੁਲਾਕਾਤ ਕਰਕੇ ਗ੍ਰਹਿਣ ਜ਼ਮੀਨ ਤੋਂ ਵੱਧ ਜ਼ਮੀਨ ਗ੍ਰਹਿਣ ਕਰਨ ਅਤੇ ਫ਼ਸਲਾਂ ਖਰਾਬ ਕਰਨ ਦੇ ਮਾਮਲੇ ’ਚ ਇਨਸਾਫ਼ ਦੀ ਮੰਗ ਕੀਤੀ। ਬੀਡੀਪੀਓ-ਕਮ-ਡਿਊਟੀ ਮਜਿਸਟਰੇਟ ਰਮੇਸ਼ ਮਿਠਰਾਨੀ ਨੇ ਕਿਸਾਨਾਂ ਦੇ ਸਮੂਹ ਦੋਸ਼ ਨੂੰ ਖਾਰਜ ਕਰਦੇ ਆਖਿਆ ਕਿ ਕਿਧਰੇ ਵੱਧ ਜ਼ਮੀਨ ਨਹੀਂ ਰੋਕੀ ਗਈ। ਬਾਕੀ ਜ਼ਮੀਨ ਦੀ ਪੈਮਾਇਸ਼ ਰੈਵੇਨਿਊ ਵਿਭਾਗ ਦੇ ਅਧੀਨ ਹੈ। ਤਹਿਸੀਲਦਾਰ-ਕਮ-ਡਿਊਟੀ ਮਜਿਸਟਰੇਟ ਭਵਨੇਸ਼ ਪਰੂਥੀ ਨੇ ਕਿਹਾ ਕਿ ਅੱਜ ਸਮੁੱਚੇ ਕਾਰਜ ਬਿਨਾਂ ਕਿਸੇ ਵਿਘਨ ਦੇ ਨੇਪਰੇ ਚੜੇ। ਡੀ.ਐਸ.ਪੀ ਕੁਲਦੀਪ ਬੈਣੀਵਾਲ ਦਾ ਕਹਿਣਾ ਸੀ ਕਿ ਅੱਜ ਕਿਧਰੇ ਚਿੜੀ ਨਹੀਂ ਫੜਕੀ ਅਤੇ ਫਟਾਫਟ ਕਾਰਜ ਚੱਲ ਰਿਹਾ ਹੈ।