ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਮਾਰਚ
ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਲਈ ਜਬਰੀ ਜ਼ਮੀਨਾਂ ਐਕੁਆਇਰ ਕਰ ਕੇ ਬਣਦਾ ਮੁੱਲ ਨਾ ਦੇਣ ਖ਼ਿਲਾਫ਼ ਪੀੜਤ ਕਿਸਾਨਾਂ ਨੇ ਇੱਥੇ ਮੀਟਿੰਗ ਕਰ ਕੇ ਭਲਕੇ ਸ਼ਾਹੀ ਸ਼ਹਿਰ ਵਿੱਚ ਟਰੈਕਟਰਾਂ ਨਾਲ ਮੋਤੀ ਬਾਗ਼ ਪੈਲੇਸ ਘੇਰਨ ਦਾ ਐਲਾਨ ਕੀਤਾ ਹੈ। ਸੰਘਰਸ਼ ਕਮੇਟੀ ਦੇ ਆਗੂ ਗੁਰਦਿਆਲ ਸਿੰਘ ਬੁੱਟਰ ਨੇ ਕਿਹਾ ਕਿ ਐਕਸਪ੍ਰੈੱਸ ਵੇਅ ਲਈ ਗ਼ਲਤ ਢੰਗ ਨਾਲ ਜ਼ਮੀਨਾਂ ਐਕੁਆਇਰ ਨਹੀਂ ਕੀਤੀਆਂ ਜਾ ਰਹੀਆਂ, ਸਗੋਂ ਢੁੱਕਵਾਂ ਮੁਆਵਜ਼ਾ ਦਿੱਤੇ ਬਿਨਾਂ ਜਬਰੀ ਖੋਹੀਆਂ ਜਾ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤਕ ਕਿਸਾਨਾਂ ਨੂੰ ਜ਼ਮੀਨਾਂ ਦਾ ਪੂਰਾ ਮੁਆਵਜ਼ਾ ਨਹੀਂ ਮਿਲ ਜਾਂਦਾ, ਐਕਸਪ੍ਰੈੱਸ ਵੇਅ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 2015-17 ਵਿੱਚ ਜਿਹੜੇ ਚਾਰ ਮਾਰਗੀ ਪ੍ਰਾਜੈਕਟ ਲਈ ਜ਼ਮੀਨਾਂ ਐਕੁਆਇਰ ਕੀਤੀਆਂ ਗਈਆਂ ਹਨ, ਉਨ੍ਹਾਂ ਜ਼ਮੀਨਾਂ ਦੇ ਮਾਲਕਾਂ ਨੂੰ ਪ੍ਰਤੀ ਏਕੜ 1.5 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਸੀ ਅਤੇ ਹੁਣ 25 ਤੋਂ 30 ਲੱਖ ਦੇ ਕੇ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਇਹ ਮੁਆਵਜ਼ਾ ਪੰਜਾਬ ਸਰਕਾਰ ਦੀ ਸਿਫ਼ਾਰਸ਼ ਨਾਲ ਨੈਸ਼ਨਲ ਹਾਈਵੇਅ ਅਥਾਰਿਟੀ ਮਨਜ਼ੂਰ ਕਰ ਕੇ ਅਦਾ ਕਰਦੀ ਹੈ। ਇਸ ਲਈ ਭਲਕੇ 24 ਮਾਰਚ ਨੂੰ ਉਨ੍ਹਾਂ ਨੇ ਟਰੈਕਟਰਾਂ ਨਾਲ ਮੁੱਖ ਮੰਤਰੀ ਨਿਵਾਸ ਘੇਰਨ ਦਾ ਫ਼ੈਸਲਾ ਲਿਆ ਹੈ। ਕਿਸਾਨਾਂ ਨੇ ਨੈਸ਼ਨਲ ਹਾਈਵੇਅ ਪ੍ਰਾਜੈਕਟ ’ਚ ਕੇਂਦਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਤੇਜ਼ੀ ਨੂੰ ਸਾਜ਼ਿਸ਼ ਦੱਸਦਿਆਂ ਕਿਹਾ ਕਿ ਜਦੋਂ ਪੰਜਾਬ ਦੇ ਕਿਸਾਨ ਦਿੱਲੀ ਘੇਰੀ ਬੈਠੇ ਹਨ ਤਾਂ ਵੱਡੇ ਕਾਰਪੋਰੇਟਾਂ ਲਈ ਹਾਈਵੇਅ ਤੇਜ਼ੀ ਨਾਲ ਬਣਾਏ ਜਾਣ ਲੱਗੇ ਹਨ।
ਉਨ੍ਹਾਂ ਮੰਗ ਕੀਤੀ ਕਿ ਕਬਜ਼ੇ ਦੇ ਆਧਾਰ ’ਤੇ ਹੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਪਰਿਵਾਰ ਵਿੱਚ ਝਗੜੇ ਦਾ ਕਾਰਨ ਨਾ ਬਣੇ। ਇਸ ਦੇ ਨਾਲ ਹੀ ਸਰਕਾਰ ਨੂੰ ਦੋਵਾਂ ਪਾਸਿਆਂ ਤੋਂ ਖ਼ਰਾਬ ਹੋਈ ਜ਼ਮੀਨ ਦਾ ਮੁਆਵਜ਼ਾ ਵੀ ਦਿੱਤਾ ਜਾਵੇ। ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਆਪਣੇ ਖੇਤ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਰਸਤੇ ਬਣਾ ਕੇ ਦਿੱਤੇ ਜਾਣ ਤਾਂ ਜੋ ਕਿਸਾਨ ਬਿਨਾਂ ਕਿਸੇ ਮੁਸ਼ਕਿਲ ਦੇ ਸੜਕ ਦੁਆਰਾ ਵੰਡੇ ਗਏ ਦੋਵਾਂ ਖੇਤਾਂ ਵਿੱਚ ਖੇਤੀ ਕਰ ਸਕਣ।