ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਮਾਰਚ
‘ਦਿੱਲੀ-ਕਟੜਾ ਐਕਸਪ੍ਰੈੱਸ ਵੇਅ’ ਲਈ ਨਿਗੂਣੇ ਰੇਟ ’ਤੇ ਜਬਰੀ ਜ਼ਮੀਨਾਂ ਐਕੁਆਇਰ ਕਰਨ ਖ਼ਿਲਾਫ਼ ‘ਰੋਡ ਕਿਸਾਨ ਸੰਘਰਸ਼ ਕਮੇਟੀ ਪੰਜਾਬ’ ਵੱਲੋਂ ਪ੍ਰਧਾਨ ਸੁਖਦੇਵ ਢਿੱਲੋਂ ਦੀ ਅਗਵਾਈ ਹੇਠ ਇਥੇ ਮੁੱਖ ਮੰਤਰੀ ਨੇੜੇ ਜਾਰੀ ਪੱਕੇ ਮੋਰਚੇ ਦੇ ਤੀਜੇ ਦਿਨ ਸੂਬਾਈ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਪ੍ਰਭਾਵਿਤ ਪੰਜ ਰਾਜਾਂ ਦੇ ਹਜ਼ਾਰਾਂ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਦੇਰ ਸ਼ਾਮ ਕਿਸਾਨਾਂ ਦੀ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨਾਲ 30 ਮਾਰਚ ਨੂੰ ਮੀਟਿੰਗ ਤੈਅ ਹੋਣ ਮਗਰੋਂ ਕਿਸਾਨਾਂ ਨੇ ਬੀਤੇ ਦਿਨ ਲਾਏ ਤੰਬੂ ਤਾਂ ਪੁੱਟ ਲਏ ਪਰ ਸੜਕ ਦੇ ਦੋਵੇਂ ਪਾਸੇ ਟਰੈਕਟਰ-ਟਰਾਲੀਆਂ ਪਹਿਲਾਂ ਵਾਂਗ ਲਗਾ ਕੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ। ਅੱਜ ਅਧਿਕਾਰੀਆਂ ਨੇ ਇਹ ਧਰਨਾ ਪੁੱਡਾ ਗਰਾਊਂਡ ’ਚ ਤਬਦੀਲ ਕਰਵਾਉਣ ਲਈ ਦਬਾਅ ਪਾਇਆ ਤਾਂ ਰੋਹ ’ਚ ਆਏ ਕਿਸਾਨਾਂ ਨੇ ਧੱਕੇਸ਼ਾਹੀ ਤੇ ਐਵਾਰਡ ਜਾਰੀ ਕਰਨ ਦੀ ਸੂਰਤ ’ਚ ਨਿਊ ਮੋਤੀ ਬਾਗ ਪੈਲੇਸ ਵੱਲ ਕੂਚ ਕਰਨ ਦੀ ਚਿਤਾਵਨੀ ਦਿੱਤੀ। ਇਨ੍ਹਾਂ ਕਿਸਾਨਾਂ ਦੀ ਹਮਾਇਤ ’ਚ ਪੁੱਜੇ ਭੂਮੀ ਬਚਾਓ ਅਭਿਆਨ ਦੇ ਰਾਸ਼ਟਰੀ ਪ੍ਰਧਾਨ ਰਮੇਸ਼ ਦਲਾਲ ਨੇ ਐਲਾਨ ਕੀਤਾ ਕਿ ਮਸਲਾ ਹੱਲ ਨਾ ਹੋਇਆ, ਤਾਂ 4 ਅਤੇ 5 ਅਪਰੈਲ ਨੂੰ ਉਹ ਖੁਦ ਇਥੇ ਮਰਨ ਵਰਤ ’ਤੇ ਬੈਠਣਗੇ। ਕਿਸਾਨ ਆਗੂ ਜਗਜੀਤ ਗਲੌਲੀ ਤੇ ਰਛਪਾਲ ਘੱਗਾ ਨੇ ਕਿਹਾ ਕਿ ਕਰੋੜਾਂ ਰੁਪਏ ਦੇ ਮੁੱਲ ਦੀ ਜ਼ਮੀਨ ਬਦਲੇ ਸਰਕਾਰ 30 ਲੱਖ ਨਾਲ ਹੀ ਬੁੱਤਾ ਸਾਰਨ ਦੀ ਵਿਉਂਤ ਕਰੀ ਬੈਠੀ ਹੈ ਪਰ ਇਹ ਮਨਸੂਬੇ ਕਦੇ ਸਫ਼ਲ ਨਹੀਂ ਹੋਣ ਦਿੱਤੇ ਜਾਣਗੇ।