ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 27 ਅਗਸਤ
ਨੈਸ਼ਨਲ ਹਾਈਵੇਅ-754 ਅੰਮ੍ਰਿਤਸਰ ਤੋਂ ਜਾਮਨਗਰ ਐਕਸਪ੍ਰੈੱਸਵੇਅ ਲਈ ਸਸਤੇ ਭਾਅ ਜ਼ਮੀਨ ਗ੍ਰਹਿਣ ਕਰਨ ਖ਼ਿਲਾਫ਼ ਡਟੇ ਕਿਸਾਨਾਂ ਨੇ ਪਿੰਡ ਸ਼ੇਰਗੜ੍ਹ ਵਿੱਚ ਅੱਜ ਜੇਸੀਬੀ ਅੱਗੇ ਲੰਮੇ ਪੈ ਕੇ ਐੱਨਐੱਚਏਆਈ ਅਤੇ ਠੇਕੇਦਾਰ ਦੇ ਕਰਿੰਦਿਆਂ ਨੂੰ ਸੜਕ ਨਿਰਮਾਣ ਲਈ ਖੇਤਾਂ ਵਿਚ ਵੜਨ ਤੋਂ ਰੋਕਿਆ, ਜਿਸ ਕਰ ਕੇ ਐੱਨਐੱਚਏਆਈ ਅਧਿਕਾਰੀਆਂ ਨੂੰ ਪੁੱਠੇ ਪੈਰੀਂ ਪਰਤਣਾ ਪਿਆ।
ਜਾਣਕਾਰੀ ਅਨੁਸਾਰ ਅੱਜ ਪਿੰਡ ਸ਼ੇਰਗੜ੍ਹ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਲਾਂਭੇ ਕਰ ਕੇ ਕਾਰਜ ਸ਼ੁਰੂ ਕਰਵਾਇਆ ਜਾ ਰਿਹਾ ਸੀ। ਖੇਤਾਂ ’ਚ ਵੜ ਰਹੀ ਨਿਰਮਾਣ ਕਾਰਜ ਟੀਮ ਨੂੰ ਮੌਕੇ ’ਤੇ ਪੁੱਜੇ ਕਿਸਾਨਾਂ ਨੇ ਰੋਕਿਆ। ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਤਿੱਖਾ ਵਿਰੋਧ ਕਰ ਕੇ ਪਿੰਡ ਅਲੀਕਾ ਅਤੇ ਚੌਟਾਲਾ ਵਿੱਚ ਦੋ ਵਾਰ ਕਾਰਜ ਰੁਕਵਾਇਆ ਹੈ। ਕਿਸਾਨਾਂ ਨੇ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਤਾਂ ਨੌਂ ਪਿੰਡਾਂ ਦੇ ਕਿਸਾਨਾਂ ਨੂੰ ਸਵੈ-ਇੱਛਾ ਨਾਲ ਮਰਨ ਦੀ ਇਜਾਜ਼ਤ ਦੇਵੇ। ਕਿਸਾਨ ਆਗੂ ਕਾਮਰੇਡ ਰਾਕੇਸ਼ ਫਗੋੜੀਆ, ਦਇਆ ਰਾਮ ਊਲਾਨੀਆ, ਨਿਸ਼ਾਂਤ ਭਾਂਭੂ, ਮਨਪ੍ਰੀਤ ਕੰਬੋਜ, ਕੁਲਦੀਪ ਸਿੰਘ, ਰਾਜੀਵ ਘੋਰੇਲਾ, ਸੁਸ਼ੀਲ ਤੇ ਬਲਕਰਨ ਸਿੰਘ ਸਰਪੰਚ ਅਲੀਕਾਂ ਨੇ ਕਿਹਾ ਕਿ ਐਕਸਪ੍ਰੈੱਸਵੇਅ-754 ਅਤੇ 54 ਲਈ ਜ਼ਮੀਨ ਗ੍ਰਹਿਣ ਵਾਸਤੇ ਤੈਅ ਐਵਾਰਡ ਖਾਮੀ ਭਰਿਆ ਹੈ। ਐਕਸਪ੍ਰੈੱਸਵੇਅ ਦੇ ਨਿਰਮਾਣ ਤੋਂ ਪਹਿਲਾਂ ਸੜਕ ਵਾਲੀ ਜਗ੍ਹਾ ਤੋਂ ਲੰਘਦੇ ਰਸਤਿਆਂ ਅਤੇ ਖਾਲਿਆਂ ਦੀ ਵਿਵਸਥਾ ਨਹੀਂ ਕੀਤੀ ਗਈ ਹੈ। ਖੇਤਾਂ ’ਚ ਬਣੇ ਮਕਾਨਾਂ ਦਾ ਉਚਿਤ ਮੁਆਵਜ਼ਾ ਨਹੀਂ ਐਲਾਨਿਆ ਗਿਆ। ਆਗੂਆਂ ਨੇ ਕਿਹਾ ਕਿ ਮੰਗਾਂ ਨਾ ਮੰਨਣ ’ਤੇ ਐੱਨਐੱਚਏਆਈ ਦੇ ਬੁਲਡੋਜ਼ਰ ਖੇਤਾਂ ਵਿੱਚ ਨਹੀਂ ਚੱਲਣ ਦਿੱਤੇ ਜਾਣਗੇ। ਚੌਟਾਲਾ ਪੈਕਸ ਦੇ ਪ੍ਰਧਾਨ ਦਇਆ ਰਾਮ ਉਲਾਨੀਆ ਨੇ ਕਿਹਾ ਕਿ ਐਨੇ ਘੱਟ ਮੁਆਵਜ਼ੇ ਨਾਲ ਕਿਸਾਨ ਬਰਬਾਦ ਹੋ ਜਾਣਗੇ। ਕਿਸਾਨਾਂ ਨੇ ਮਸਲੇ ਦੇ ਹੱਲ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ ਕਰਵਾਉਣ ਦੀ ਮੰਗ ਕੀਤੀ ਹੈ।