ਸਰਬਜੀਤ ਸਿੰਘ ਭੰਗੂ
ਪਟਿਆਲਾ, 31 ਮਾਰਚ
ਪੰਜਾਬ ਸਰਕਾਰ ਵੱਲੋਂ ‘ਦਿੱਲੀ ਕਟੜਾ ਐਕਸਪ੍ਰੈੱਸ ਵੇਅ’ ਲਈ ਘੱਟ ਰੇਟ ’ਤੇ ਜਬਰੀ ਜ਼ਮੀਨਾਂ ਐਕੁਆਇਰ ਕਰਨ ਦੀ ਪ੍ਰਕਿਰਿਆ ਨੂੰ ਰੋਕਣ ਸਬੰਧੀ 30 ਮਾਰਚ ਨੂੰ ਲੋਕ ਨਿਰਮਾਣ ਮੰਤਰੀ ਨਾਲ ਹੋਈ ਮੀਟਿੰਗ ਨੂੰ ਭਾਵੇਂ ਕਿਸਾਨ ਹਾਂ- ਪੱਖੀ ਦੱਸ ਰਹੇ ਹਨ ਪਰ ਇਸ ਦੇ ਬਾਵਜੂਦ ਪ੍ਰਭਾਵਿਤ ਕਿਸਾਨਾਂ ਦਾ ਮੁੱਖ ਮੰਤਰੀ ਨਿਵਾਸ ਨੇੜੇ ਧਰਨਾ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਦਾ ਤਰਕ ਹੈ ਕਿ ਇਹ ਪ੍ਰਕਿਰਿਆ ਰੋਕਣ ਸਬੰਧੀ ਅਮਲੀ ਕਾਰਵਾਈ ਤਕ ਉਹ ਇੱਥੇ ਹੀ ਡਟੇ ਰਹਿਣਗੇ। ਉਂਜ ਹੁਣ ਚਾਰ ਦਿਨਾਂ ਤੋਂ ਉਹ ਸੜਕ ਦੇ ਇੱਕ ਪਾਸੇ ਬੈਠੇ ਹੋਏ ਹਨ, ਜਿਸ ਤਹਿਤ ਇਸ ਸੜਕ ’ਤੇ ਆਵਾਜਾਈ ਚੱਲ ਪਈ ਹੈ ਪਰ ਇੱਥੇ ਪੁਲੀਸ ਦਾ ਦਿਨ-ਰਾਤ ਦਾ ਪਹਿਰਾ ਬਰਕਰਾਰ ਹੈ।
ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਜਗਜੀਤ ਸਿੰਘ ਗਲੋਲੀ ਨੇ ਕਿਹਾ ਕਿ ਭਾਵੇਂ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ਼ ਵਿਚਾਰਨ ਦਾ ਭਰੋਸਾ ਦਿੱਤਾ ਹੈ ਪਰ ਮੰਗਾਂ ਦੀ ਪੂਰਤੀ ਲਈ ਅਮਲੀ ਕਾਰਵਾਈ ਤਕ ਧਰਨਾ ਜਾਰੀ ਰਹੇਗਾ। ਨੌਜਵਾਨ ਆਗੂ ਅਮਰਿੰਦਰ ਸਿੰਘ ਘੱਗਾ ਦਾ ਕਹਿਣਾ ਸੀ ਕਿ ਇਲਾਕੇ ਦੇ ਕੁਝ ਪਿੰਡਾਂ ਦੇ ਕਿਸਾਨਾਂ ਸਮੇਤ ਹੋਰ ਲੋਕਾਂ ਵੱਲੋਂ ਲੰਗਰ ਪਾਣੀ ਸਮੇਤ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਧਰਨੇ ਦੀ ਅਗਵਾਈ ‘ਰੋਡ ਕਿਸਾਨ ਸੰਘਰਸ਼ ਕਮੇਟੀ ਪੰਜਾਬ’ ਦੇ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਕਰ ਰਹੇ ਹਨ। ਇਸ ਮੌਕੇ ਸੂਬਾਈ ਕੋਆਰਡਨੇਟਰ ਹਰਮਨਪ੍ਰੀਤ ਸਿੰਘ, ਅਮਰਿੰਦਰ ਸਿੰਘ ਘੱਗਾ, ਰਛਪਾਲ, ਗੁਰਦਿਆਲ ਬੁੱਟਰ, ਲਵਪ੍ਰੀਤ, ਪ੍ਰਭਦਿਆਲ ਆਦਿ ਹਾਜ਼ਰ ਸਨ।