ਜੋਗਿੰਦਰ ਸਿੰਘ ਮਾਨ
ਮਾਨਸਾ, 29 ਜੁਲਾਈ
ਮਾਨਸਾ ਪੁਲੀਸ ਨੇ ਖਰੀਦ ਏਜੰਸੀਆਂ ਦੀ ਕਥਿਤ ਮਿਲੀਭੁਗਤ ਨਾਲ ਸਰਕਾਰੀ ਕਣਕ ਦੀ ਚੋਰੀ ਕਰਕੇ ਵੇਚਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਟਰੈਕਟਰ-ਟਰਾਲੀ ਵਿੱਚ ਭਰੀ 184 ਬੋਰੀਆਂ ਕਣਕ, ਜਿਸ ਦੀ ਕੁੱਲ ਕੀਮਤ 1 ਲੱਖ 84 ਹਜ਼ਾਰ ਰੁਪਏ ਬਣਦੀ ਹੈ, ਬਰਾਮਦ ਕੀਤੀ ਹੈ। ਮਾਨਸਾ ਦੇ ਐੱਸਐੱਸਪੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲੀਸ ਪਾਰਟੀ ਨੂੰ ਫੂਡ ਸਪਲਾਈ ਵਿਭਾਗ ਦੀਆ ਖਰੀਦ ਏਜੰਸੀਆਂ (ਪਨਸਪ ਤੇ ਪਨਗਰੇਨ) ਦੀ ਖਰੀਦ ਕੀਤੀ ਕਣਕ ਜੈ ਦੁਰਗਾ ਰਾਇਸ ਮਿੱਲ ਪਿੰਡ ਗੇਹਲੇ ਦੇ ਓਪਨ ਗਰਾਊਂਡ ਵਿੱਚ ਰੱਖੀ ਹੋਣ ਦੀ ਸੂਹ ਮਿਲੀ। ਮੁਖਬਰ ਮੁਤਾਬਕ ਕੁਝ ਸਮੇਂ ਤੋਂ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਕਥਿਤ ਮਿਲੀਭੁਗਤ ਨਾਲ ਸਾਜ਼ਿਸ ਕਰਕੇ ਸਰਕਾਰੀ ਕਣਕ ਦਾ ਗਬਨ ਕਰ ਰਹੇ ਹਨ। 27 ਤੇ 28 ਜੁਲਾਈ ਦੀ ਦਰਮਿਆਨੀ ਰਾਤ ਨੂੰ ਹੋਰਾਂ ਨਾਲ ਮਿਲਕੇ ਸਰਕਾਰੀ ਕਣਕ ਟਰੈਕਟਰ-ਟਰਾਲੀ ਵਿੱਚ ਭਰਕੇ ਬਾਹਰ ਕੱਢੀ ਹੈ। ਡੀਐੱਸਪੀ ਹਰਜਿੰਦਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਪੁਲੀਸ ਪਾਰਟੀ ਵੱਲੋਂ ਰੇਡ ਕਰਕੇ ਤਿੰਨ ਵਿਅਕਤੀਆਂ ਰੇਸ਼ਮ ਸਿੰਘ ਚੌਕੀਦਾਰ ਵਾਸੀ ਉਭਾ, ਬਿੰਦਰ ਸਿੰਘ ਅਤੇ ਕੁਲਦੀਪ ਸਿੰਘ ਵਾਸੀ ਮਹਿਲ ਕਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਸੋਨਾਲੀਕਾ ਟਰੈਕਟਰ ਨੰਬਰੀ ਪੀਬੀ10ਬੀਏ-4697 ਸਮੇਤ ਕਣਕ ਦੀ ਭਰੀ ਟਰਾਲੀ ਬਰਾਮਦ ਕੀਤੀ ਗਈ ਹੈ। ਹੋਰ ਮੁਲਜ਼ਮਾਂ ਦੀ ਪਛਾਣ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਇੰਸਪੈਕਟਰ ਮੇਜਰ ਸਿੰਘ (ਪਨਸਪ) ਵਜੋਂ ਹੋਈ ਹੈ। ਇਹ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਦੂਰ ਹਨ।