ਰਾਮ ਸ਼ਰਨ ਸੂਦ
ਅਮਲੋਹ, 19 ਅਪਰੈਲ
ਪਿੰਡ ਟਿੱਬੀ ਵਿੱਚ ਅੱਜ ਸਵੇਰੇ ਪਟਾਕਿਆਂ ਨਾਲ ਭਰੀ ਮੋਟਰਸਾਈਕਲ ਰਿਕਸ਼ਾ ਰੇਹੜੀ ਵਿੱਚ ਧਮਾਕਾ ਹੋ ਗਿਆ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਰੇਹੜੀ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਅਮਲੋਹ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਰਵਿੰਦਰ ਕੁਮਾਰ (55) ਪੁੱਤਰ ਜਗਨ ਨਾਥ ਵਾਸੀ ਸੋਮਲਖੇੜੀ (ਮਲੌਦ) ਮੋਟਰਸਾਈਕਲ ਰਿਕਸ਼ਾ ਰੇਹੜੀ ’ਤੇ ਆਤਿਸ਼ਾਬਾਜ਼ੀ ਦੇ ਚਾਰ ਥੈਲੇ ਮਲੌਦ ਤੋਂ ਲੈ ਕੇ ਅਮਲੋਹ ਆ ਰਿਹਾ ਸੀ ਕਿ ਪਿੰਡ ਟਿੱਬੀ ਨੇੜੇ ਧਮਾਕਾ ਹੋ ਗਿਆ। ਇਸ ਦੌਰਾਨ ਰਵਿੰਦਰ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਰਿਕਸ਼ਾ ਚਾਲਕ ਸੁਰਿੰਦਰਪਾਲ ਸਿੰਘ (50) ਪੁੱਤਰ ਬਚਨ ਸਿੰਘ ਵਾਸੀ ਮਲੌਦ ਖੇੜੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਅਮਲੋਹ ’ਚ ਦਾਖ਼ਲ ਕਰਵਾਇਆ। ਹਾਦਸਾ ਇੰਨਾ ਭਿਆਨਕ ਸੀ ਕਿ ਘਟਨਾ ਵਾਲੀ ਥਾਂ ਨੇੜਲੇ ਘਰਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਲੋਹੇ ਦੀਆਂ ਚਾਦਰਾਂ ਦੇ ਬਣੇ ਦਰਵਾਜ਼ੇ ਵੀ ਪਾਟ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਸੁਖਵਿੰਦਰ ਸਿੰਘ, ਐੱਸ.ਪੀ (ਜਾਂਚ) ਜਗਜੀਤ ਸਿੰਘ ਜੱਲ੍ਹਾ, ਥਾਣਾ ਮੁਖੀ ਅਮਨਦੀਪ ਸਿੰਘ ਅਤੇ ਬੁੱਗਾਂ ਚੌਕੀ ਦੇ ਇੰਚਾਰਜ ਜਾਂਚ ਅਧਿਕਾਰੀ ਸਬ-ਇੰਸਪੈਕਟਰ ਸੁਰੇਸ਼ ਕੁਮਾਰ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੇ ਬਿਆਨ ਕਲਮਬੰਦ ਕੀਤੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਜਾਂਚ ਲਈ ਪਟਿਆਲਾ ਤੋਂ ਵਿਸ਼ੇਸ਼ ਟੀਮ ਵੀ ਬੁਲਾਈ ਗਈ ਹੈ। ਸ਼ਿੰਗਾਰਾ ਸਿੰਘ ਵਾਸੀ ਟਿੱਬੀ ਦੇ ਬਿਆਨਾਂ ’ਤੇ ਰਵਿੰਦਰ ਕੁਮਾਰ ਅਤੇ ਸੁਰਿੰਦਰਪਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਮ੍ਰਿਤਕ ਰਵਿੰਦਰ ਕੁਮਾਰ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਮਲੋਹ ਵਿੱਚ ਭੇਜ ਦਿੱਤੀ ਹੈ।