ਡਾ. ਹਿਮਾਂਸ਼ੂ ਸੂਦ
ਮੰਡੀ ਗੋਬਿੰਦਗੜ੍ਹ, 13 ਅਗਸਤ
ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਹਾਈਵੇ ਸਰਵਿਸ ਰੋਡ ’ਤੇ ਪੰਜਾਬ ਫੋਜਿੰਗ ਐਂਡ ਐਗਰੋ ਇੰਡਸਟਰੀ ’ਚ ਲੰਘੀ ਰਾਤ ਕਰੀਬ 12.30 ਵਜੇ ਲੋਹਾ ਪਿਘਲਾਉਣ ਵਾਲੀ ਭੱਠੀ ’ਚ ਧਮਾਕਾ ਹੋਣ ਕਾਰਨ ਉੱਥੇ ਕੰਮ ਕਰ ਰਹੇ 12 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ ’ਚੋਂ ਇੱਕ ਮਜ਼ਦੂਰ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਫਰਨਿਸ ਦੇ ਮਾਲਕ ਸੰਦੀਪ ਨੇ ਦੱਸਿਆ ਕਿ ਹਾਦਸਾ ਲੰਘੀ ਰਾਤ ਉਸ ਸਮੇਂ ਵਾਪਰਿਆ ਜਦੋਂ ਭੱਠੀ ’ਤੇ ਮਜ਼ਦੂਰ ਕੰਮ ਕਰ ਰਹੇ ਸਨ ਅਤੇ ਅਚਾਨਕ ਹੀ ਭੱਠੀ ਵਿੱਚ ਉਬਾਲ ਆ ਗਿਆ ਤੇ ਪਿਘਲਦਾ ਹੋਇਆ ਲੋਹਾ ਮਜ਼ਦੂਰਾਂ ਉੱਤੇ ਪੈ ਗਿਆ। ਸੂਚਨਾ ਮਿਲਦਿਆਂ ਹੀ ਉਨ੍ਹਾਂ ਤੁਰੰਤ ਸਾਰੇ ਮਜ਼ਦੂਰਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ। ਹਾਦਸੇ ਤੋਂ ਬਾਅਦ ਸਾਰਾ ਮਲਬਾ ਭੱਠੀ ਵਿਚੋਂ ਨਿਕਲ ਕੇ ਬਾਹਰ ਆ ਗਿਆ ਅਤੇ ਕਰੇਨ ਵੀ ਟੁੱਟ ਗਈ। ਮੌਕੇ ’ਤੇ ਪਹੁੰਚੇ ਫ਼ਤਹਿਗੜ੍ਹ ਸਾਹਿਬ ਦੇ ਐੱਸਪੀਡੀ ਜਗਜੀਤ ਸਿੰਘ ਜੱਲ੍ਹਾ, ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁਖੀ ਪ੍ਰੇਮ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜ਼ਖ਼ਮੀਆਂ ਦੀ ਅਜੇ ਪਛਾਣ ਨਹੀਂ ਹੋਈ ਹੈ। ਐੱਸਪੀਡੀ ਨੇ ਦੱਸਿਆ ਕਿ ਲਾਪਰਵਾਹੀ ਕਿੱਥੇ ਹੋਈ ਹੈ ਉਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਲੈਣ ਲਈ ਵੀ ਟੀਮ ਡੀਐੱਮਸੀ ਲੁਧਿਆਣਾ ਗਈ ਹੈ ਅਤੇ ਜੋ ਵੀ ਕਸੂਰਵਾਰ ਹੋਵੇਗਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।