ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 8 ਅਕਤੂਬਰ
ਪਿੰਡ ਰੰਗੀਆਂ ਵਿਚਲੀ ਕਬਾੜ ਦੀ ਫੈਕਟਰੀ ਵਿੱਚ ਅੱਜ ਤੜਕਸਾਰ ਇੱਕ ਵੱਡਾ ਧਮਾਕਾ ਹੋਇਆ, ਜਿਸ ਕਾਰਨ ਸੱਤ ਕਾਮੇ ਫੱਟੜ ਹੋ ਗਏ। ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਦਿਆਨੰਦ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਗੰਭੀਰ ਜ਼ਖ਼ਮੀਆਂ ਵਿੱਚ ਦੁਰਗੇਸ਼ ਕੁਮਾਰ, ਰਵੀ ਕੁਮਾਰ, ਰਾਮ ਬਾਬੂ ਸ਼ਾਮਲ ਹਨ, ਜਦਕਿ ਅਕਸ਼ੈ, ਦਲੀਪ ਗੁਪਤਾ, ਸ਼ਿਵਮ ਤੇ ਰਾਜ ਕੁਮਾਰ ਦਾ ਇਲਾਜ ਸਥਾਨਕ ਸੂਦ ਹਸਪਤਾਲ ਵਿੱਚ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਉਕਤ ਫੈਕਟਰੀ ਵਿੱਚ ਐਲੂਮੀਨੀਅਮ ਪਿਘਲਾਉਣ ਵਾਲੀਆਂ ਭੱਠੀਆਂ ਲੱਗੀਆਂ ਹੋਈਆਂ ਹਨ ਤੇ ਕਬਾੜ ਨੂੰ ਭੱਠੀ ਵਿੱਚ ਪਾਉਣ ਤੋਂ ਪਹਿਲਾਂ ਬੇਲਿੰਗ ਮਸ਼ੀਨ ਵਿੱਚ ਪ੍ਰੈੱਸ ਕਰਕੇ ਛੋਟੀਆਂ ਗੱਠਾਂ ਬਣਾਈਆਂ ਜਾਂਦੀਆਂ ਹਨ। ਸਵੇਰੇ ਲਗਪਗ ਛੇ ਵਜੇ ਕੁਝ ਮਜ਼ਦੂਰਾਂ ਨੇ ਗੱਠਾਂ ਬਣਾਉਣ ਲਈ ਡੇਢ ਤੋਂ ਦੋ ਫੁਟ ਲੰਬੇ ਐਲੂਮੀਨੀਅਮ ਦੇ ਸਿਲੰਡਰ ਜਦੋਂ ਬੇਲਿੰਗ ਮਸ਼ੀਨ ਵਿੱਚ ਪਾਏ ਤਾਂ ਇਹ ਧਮਾਕਾ ਹੋ ਗਿਆ। ਇਸ ਧਮਾਕੇ ਨਾਲ ਫੈਕਟਰੀ ’ਚ ਕੈਬਿਨਾਂ ਦੇ ਸ਼ੀਸ਼ੇ ਤੇ ਸ਼ੈੱਡਾਂ ਦੀਆਂ ਚਾਦਰਾਂ ਆਦਿ ਸਭ ਟੁੱਟ ਗਏ। ਤੜਕਸਾਰ ਹੋਏ ਧਮਾਕੇ ਤੋਂ ਬਾਅਦ ਜਦੋਂ ਇਲਾਕਾ ਨਿਵਾਸੀਆਂ ਨੇ ਪਤਾ ਕਰਨ ਲਈ ਫੈਕਟਰੀ ਅੰਦਰ ਜਾਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ। ਇਸ ਮਗਰੋਂ ਪੱਤਰਕਾਰਾਂ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਡੇਹਲੋਂ ਪੁਲੀਸ ਦੇ ਪਹੁੰਚਣ ’ਤੇ ਗੇਟ ਖੋਲ੍ਹਿਆ ਗਿਆ। ਥਾਣਾ ਮੁਖੀ ਪਰਮਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦੀ ਅਗਵਾਈ ਹੇਠ ਸੀਨੀਅਰ ਅਧਿਕਾਰੀਆਂ ਨੇ ਮੌਕਾ ਦੇਖਣ ਮਗਰੋਂ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। ਧਮਾਕੇ ਦਾ ਕਾਰਨ ਪਤਾ ਲਗਾਉਣ ਲਈ ਫੋਰੈਂਸਿਕ ਵਿਭਾਗ ਦੀ ਟੀਮ ਵੱਲੋਂ ਛਾਣ-ਬੀਣ ਕੀਤੀ ਜਾ ਰਹੀ ਹੈ। ਕੰਪਨੀ ਦੀ ਵੈੱਬਸਾਈਟ ਮੁਤਾਬਕ ਇਸ ਫੈਕਟਰੀ ਵਿੱਚ ਸੌ ਤੋਂ ਪੰਜ ਸੌ ਵਿਅਕਤੀ ਕੰਮ ਕਰਦੇ ਹਨ ਤੇ ਕਈ ਮੁਲਾਜ਼ਮਾਂ ਦੀ ਰਿਹਾਇਸ਼ ਵੀ ਅੰਦਰ ਹੀ ਹੈ। ਇਹ ਕੰਮ ਜੋਖ਼ਮ ਭਰਿਆ ਹੋਣ ਦੇ ਬਾਵਜੂਕ ਕਿਸੇ ਵੀ ਮੁਲਾਜ਼ਮ ਨੇ ਸੁਰੱਖਿਆ ਉਪਕਰਨ ਨਹੀਂ ਸੀ ਪਹਿਨੇ ਹੋਏ।