ਸਰਬਜੀਤ ਸਿੰਘ ਭੰਗੂ /ਬਹਾਦਰ ਸਿੰਘ ਮਰਦਾਂਪੁਰ
ਪਟਿਆਲਾ/ਰਾਜਪੁਰਾ, 11 ਸਤੰਬਰ
ਰਾਜਪੁਰਾ ਦੇ ਪਿੰਡ ਜੰਡੋਲੀ ਵਿਚਲੀ ਸੰਤ ਕਲੋਨੀ ਦੇ ਇੱਕ ਘਰ ਅੰਦਰ ਪਟਾਕੇ ਬਣਾਉਣ ਵਾਲੀ ਸਮੱਗਰੀ ਤੋਂ ਹੋਏ ਧਮਾਕੇ ਕਾਰਨ ਭੈਣ ਮਨਪ੍ਰੀਤ ਕੌਰ ਰੂਪਾ (11) ਅਤੇ ਭਰਾ ਗੁਰਪ੍ਰੀਤ (12) ਦੀ ਮੌਤ ਹੋ ਗਈ ਜਦਕਿ ਦੋ ਹੋਰ ਬੱਚੇ ਪਲਵੀ (8) ਅਤੇ ਕ੍ਰਿਸ਼ਨਾ (6) ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ’ਚੋਂ ਇਕ ਬੱਚੇ ਨੂੰ ਪੀਜੀਆਈ ਚੰਡੀਗੜ੍ਹ ਅਤੇ ਦੂਜੇ ਨੂੰ ਪਟਿਆਲਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਧਮਾਕਾ ਇੰਨਾ ਜ਼ੋਰਦਾਰ ਸੀ ਕਿ ਪੂਰਾ ਮਕਾਨ ਢਹਿ-ਢੇਰੀ ਹੋ ਗਿਆ। ਇਹ ਹਾਦਸਾ ਮਜ਼ਦੂਰ ਪਰਿਵਾਰ ਨਾਲ ਸਬੰਧਤ ਕ੍ਰਿਸ਼ਨ ਕੁਮਾਰ ਦੇ ਘਰ ਵਾਪਰਿਆ। ਪੁਲੀਸ ਵੱਲੋਂ ਭਾਵੇਂ ਅਜੇ ਮੁਕੰਮਲ ਜਾਂਚ-ਪੜਤਾਲ ਕੀਤੀ ਜਾਣੀ ਹੈ, ਪਰ ਮੁੱਢਲੀ ਤਫ਼ਤੀਸ਼ ਮੁਤਾਬਕ ਇਹ ਪਰਿਵਾਰ ਆਪਣੇ ਇੱਕ ਕਮਰੇ ਵਾਲੇ ਘਰ ’ਚ ਗ਼ੈਰਕਾਨੂੰਨੀ ਤੌਰ ’ਤੇ ਪਟਾਕੇ ਬਣਾਉਣ ਦਾ ਕੰਮ ਕਰਦਾ ਸੀ। ਅੱਜ ਜਦੋਂ ਕ੍ਰਿਸ਼ਨ ਕੁਮਾਰ ਅਤੇ ਉਸ ਦੀ ਪਤਨੀ ਕਿਤੇ ਗਏ ਹੋਏ ਸਨ, ਤਾਂ ਘਰ ਵਿਚ ਉਨ੍ਹਾਂ ਦੇ ਦੋ ਬੱਚੇ ਹੀ ਮੌਜੂਦ ਸਨ। ਗੁਆਂਢ ’ਚ ਆਪਣੇ ਨਾਨਕੇ ਘਰ ਆਏ ਦੋ ਹੋਰ ਬੱਚੇ ਵੀ ਉਨ੍ਹਾਂ ਕੋਲ ਖੇਡਣ ਲਈ ਆਏ ਹੋਏ ਸਨ। ਸਮਝਿਆ ਜਾ ਰਿਹਾ ਹੈ ਕਿ ਘਰ ’ਚ ਪਈ ਪਟਾਕੇ ਬਣਾਉਣ ਵਾਲੀ ਸਮੱਗਰੀ ’ਤੇ ਅੱਗ ਦਾ ਪਤੰਗਾ ਪੈ ਗਿਆ ਜਿਸ ਦੌਰਾਨ ਧਮਾਕਾਖੇਜ਼ ਸਮੱਗਰੀ ਨੂੰ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ। ਜ਼ੋਰਦਾਰ ਧਮਾਕੇ ਕਾਰਨ ਘਰ ਦੀ ਛੱਤ ਉੱਡ ਗਈ ਅਤੇ ਚਾਰੇ ਕੰਧਾਂ ਢਹਿ ਗਈਆਂ। ਗੁਆਂਢੀਆਂ ਨੇ ਬੱਚਿਆਂ ਨੂੰ ਮਲਬੇ ਹੇਠੋਂ ਕੱਢਿਆ ਅਤੇ ਤੁਰੰਤ ਸਿਵਲ ਹਸਪਤਾਲ ਰਾਜਪੁਰਾ ਲਿਜਾਇਆ ਗਿਆ। ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਇੱਕ ਬੱਚੇ ਨੂੰ ਪੀਜੀਆਈ ਰੈਫਰ ਕਰਨਾ ਪਿਆ ਹੈ ਜਦਕਿ ਗੁਰਪ੍ਰੀਤ ਸਿੰਘ ਦੀ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਰਾਜਪੁਰਾ ਤੋਂ ਕਾਂਗਰਸ ਵਿਧਾਇਕ ਹਰਦਿਆਲ ਕੰਬੋਜ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਨਾਲ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੱਸਐੱਸਪੀ ਡਾ. ਸੰਦੀਪ ਗਰਗ, ਰਾਜਪੁਰਾ ਦੇ ਡੀਐੱਸਪੀ ਗੁਰਬੰਸ ਬੈਂਸ ਅਤੇ ਇੰਸਪੈਕਟਰ ਗੁਰਪ੍ਰਤਾਪ ਢਿੱਲੋਂ ਵੀ ਮੌਜੂਦ ਸਨ। ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਧਮਾਕਾ ਪਟਾਕੇ ਵਾਲੀ ਸਮੱਗਰੀ ਕਾਰਨ ਹੋਇਆ ਹੈ। ਉਨ੍ਹਾਂ ਮੰਨਿਆ ਕਿ ਇਹ ਪਰਿਵਾਰ ਇਥੇ ਗ਼ੈਰਕਾਨੂੰਨੀ ਤੌਰ ’ਤੇ ਪਟਾਕੇ ਬਣਾਉਣ ਦਾ ਕੰਮ ਕਰਦਾ ਸੀ। ਪੁਲੀਸ ਅਧਿਕਾਰੀ ਨੇ ਅਜਿਹਾ ਧੰਦਾ ਕਰਨ ਵਾਲੇ ਹੋਰ ਲੋਕਾਂ ਨੂੰ ਵੀ ਬਾਜ਼ ਆਉਣ ਲਈ ਕਿਹਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਦੇ ਧਿਆਨ ’ਚ ਅਜਿਹਾ ਮਾਮਲਾ ਆਉਂਦਾ ਹੈ, ਤਾਂ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਭਵਿੱਖ ’ਚ ਕੋਈ ਹੋਰ ਮੰਦਭਾਗੀ ਘਟਨਾ ਨਾ ਵਾਪਰ ਸਕੇ। ਉਧਰ ਥਾਣਾ ਸਿਟੀ ਰਾਜਪੁਰਾ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰਤਾਪ ਸਿੰਘ ਢਿੱਲੋਂ ਨੇ ਕਿਹਾ ਕਿ ਗ਼ੈਰਕਾਨੂੰਨੀ ਤੌਰ ’ਤੇ ਪਟਾਕੇ ਤਿਆਰ ਕਰਨ ਦੇ ਮਾਮਲੇ ’ਚ ਕ੍ਰਿਸ਼ਨ ਕੁਮਾਰ ਖ਼ਿਲਾਫ਼ ਪੁੱਛ-ਪੜਤਾਲ ਕਰਨ ਮਗਰੋਂ ਹੀ ਕੋਈ ਕੇਸ ਦਰਜ ਕੀਤਾ ਜਾਵੇਗਾ।