ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 12 ਅਕਤੂਬਰ
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਗਜ਼ਟਿਡ ਅਫ਼ਸਰ ਗਿਰੀਸ਼ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਮੇਂ ਉਹ ਭਿੱਖੀਵਿੰਡ ਵਿੱਚ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਜੋਂ ਤਾਇਨਾਤ ਹਨ। ਇਸ ਤੋਂ ਪਹਿਲਾਂ ਉਹ ਜ਼ੀਰਕਪੁਰ ਵਿੱਚ ਤਾਇਨਾਤ ਰਹੇ। ਸਰਕਾਰ ਨੂੰ ਉਸ ਖ਼ਿਲਾਫ਼ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਜ਼ੀਰਕਪੁਰ ਵਿੱਚ ਪੰਜਾਬ ਸਰਕਾਰ ਅਤੇ ਰੇਰਾ ਵੱਲੋਂ ਪਾਸ ਪ੍ਰਾਜੈਕਟਾਂ ਵਿੱਚ ਉਸਾਰੀ ਕਰਨ ਤੋਂ ਪਹਿਲਾਂ ਐੱਨਓਸੀ ਲੈਣ ਸਬੰਧੀ ਆਪਣੇ ਪੱਤਰ ’ਤੇ ਤਹਿਸੀਲਦਾਰ ਨੂੰ ਪੱਤਰ ਲਿਖਿਆ ਗਿਆ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਸ਼ਿਕਾਇਤ ਮਿਲਣ ’ਤੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਵੀ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦਾ ਸੀ। ਉਸ ਦਿਨ ਤੋਂ ਵਿਜੀਲੈਂਸ ਗਿਰੀਸ਼ ਵਰਮਾ ’ਤੇ ਤਿੱਖੀ ਨਜ਼ਰ ਰੱਖੀ ਰਹੀ ਸੀ।
ਵਿਜੀਲੈਂਸ ਬਿਊਰੋ ਦੇ ਏਆਈਜੀ ਮਨਮੋਹਨ ਕੁਮਾਰ ਨੇ ਅੱਜ ਈਓ ਗਿਰੀਸ਼ ਵਰਮਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮ ਅਧਿਕਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਬੀ), 13 (2) ਤਹਿਤ ਵਿਜੀਲੈਂਸ ਬਿਊਰੋ ਦੇ ਮੁਹਾਲੀ ਥਾਣਾ ਵਿੱਚ ਕੇਸ ਦਰਜ ਕੀਤਾ ਗਿਆ। ਉਸ ਨੂੰ ਭਲਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਦੀ ਮੁੱਢਲੀ ਜਾਂਚ ਦੌਰਾਨ ਗਿਰੀਸ਼ ਵਰਮਾ ਦੀਆਂ 10 ਵੱਖ-ਵੱਖ ਜਾਇਦਾਦਾਂ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਉਸ ਨੇ ਆਪਣੇ ਤੋਂ ਇਲਾਵਾ ਆਪਣੀ ਪਤਨੀ ਅਤੇ ਪੁੱਤਰ ਦੇ ਨਾਂ ’ਤੇ ਖ਼ਰੀਦਿਆਂ ਗਿਆ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਬੇਟੇ ਦੇ ਨਾਂ ’ਤੇ ਦੋ ਪ੍ਰਾਪਰਟੀ ਡਿਵੈਲਪਰ ਫ਼ਰਮਾਂ ਵਿੱਚ ਇੱਕ ਕਰੋੜ 32 ਲੱਖ ਰੁਪਏ ਦਾ ਨਿਵੇਸ਼ ਵੀ ਕੀਤਾ ਸੀ। ਏਆਈਜੀ ਨੇ ਕਿਹਾ ਕਿ ਵਿਜੀਲੈਂਸ ਉਨ੍ਹਾਂ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕਰੇਗਾ ਜਿਨ੍ਹਾਂ ਨੇ ਗਿਰੀਸ਼ ਵਰਮਾ ਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ ਵੱਡੀਆਂ ਰਕਮਾਂ ਟਰਾਂਸਫ਼ਰ ਕੀਤੀਆਂ ਸਨ। ਵਿਜੀਲੈਂਸ ਅਨੁਸਾਰ, ਮੁਲਜ਼ਮ ਦੀਆਂ ਚੱਲ ਤੇ ਅਚੱਲ ਜਾਇਦਾਦਾਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਨੇ ਪਹਿਲੀ ਅਪਰੈਲ 2008 ਤੋਂ 31 ਮਾਰਚ 2021 ਤੱਕ ਆਪਣੀ ਆਮਦਨ ਦੇ ਸਾਰੇ ਸਰੋਤਾਂ ਤੋਂ 7.95 ਕਰੋੜ ਰੁਪਏ ਪ੍ਰਾਪਤ ਕੀਤੇ ਅਤੇ 15.11 ਕਰੋੜ ਰੁਪਏ ਖ਼ਰਚ ਕੀਤੇ। ਇਸ ਤਰ੍ਹਾਂ ਉਸ ਨੇ 7.15 ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਹਨ, ਜੋ ਕਿ ਅਧਿਕਾਰੀ ਦੀ ਆਮਦਨ ਦਾ 89.90 ਫ਼ੀਸਦੀ ਬਣਦਾ ਹੈ।