ਇਕਬਾਲ ਸਿੰਘ ਸ਼ਾਂਤ
ਲੰਬੀ, 25 ਮਈ
ਪਿੰਡ ਬਾਦਲ ਦੇ ਜਾਅਲੀ ਸ਼ਰਾਬ ਮਾਮਲੇ ਦੀ ਜੜ੍ਹ ਤੱਕ ਪੁੱਜਣ ਲਈ ਪੁਲੀਸ ਅਤੇ ਆਬਕਾਰੀ ਵਿਭਾਗ ਕੜੀਆਂ ਜੋੜਨ ’ਚ ਜੁਟੇ ਹੋਏ ਹਨ। ਆਬਕਾਰੀ ਵਿਭਾਗ ਨੂੰ ਪੁਲੀਸ ਦੀ ਪੜਤਾਲੀਆ ਚਾਲ ਢਿੱਲੀ ਜਾਪ ਰਹੀ ਹੈ। ਉਧਰ, ਅੱਜ ਅਦਾਲਤ ਨੇ ਤਿੰਨੋ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਦੂਜੀ ਵਾਰ ਇੱਕ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਪੁਲੀਸ ਸੂਤਰਾਂ ਮੁਤਾਬਕ ਰਿਮਾਂਡ ’ਚ ਮੁਲਜ਼ਮਾਂ ਕੋਲੋਂ ਬਹੁਤੀ ਜਾਣਕਾਰੀ ਹਾਸਲ ਨਹੀਂ ਹੋ ਸਕੀ ਤੇ ਹੁਣ ਰਾਜਾ ਵਾਸੀ ਚੰਡੀਗੜ੍ਹ ਦੀ ਗ੍ਰਿਫ਼ਤਾਰੀ ’ਤੇ ਟੇਕ ਹੈ। ਬਾਟਲਿੰਗ ਪਲਾਂਟ ’ਚ ਤਾਇਨਾਤ ਆਬਕਾਰੀ ਇੰਸਪੈਕਟਰ ’ਤੇ ਵੀ ਪੁਲੀਸ ਅਤੇ ਆਬਕਾਰੀ ਵਿਭਾਗ ਦੀ ਨਜ਼ਰ ਹੈ। ਆਬਕਾਰੀ ਵਿਭਾਗ ਦੇ ਏਈਟੀਸੀ ਸੁਖਚੈਨ ਸਿੰਘ ਨੇ ਬਾਟਲਿੰਗ ਪਲਾਂਟ ਤੋਂ ਰਜਵਾਹੇ ਦੇ ਨਾਲ-ਨਾਲ ਸ਼ਰਾਬ ਜ਼ਖੀਰਾ ਬਰਾਮਦਗੀ ਵਾਲੇ ਰਕਬੇ ਤੱਕ ਜਾਂਦੇ ਸੁੰਨੇ ਰਾਹ ਦਾ ਦੌਰਾ ਕੀਤਾ। ਵਿਭਾਗ ਨੂੰ ਖ਼ਦਸ਼ਾ ਹੈ ਕਿ ਸ਼ਰਾਬ ਬਣਾਉਣ ਲਈ ਇਸੇ ਸੁੰਨੇ ਰਾਹ ਦੀ ਵਰਤੋਂ ਹੁੰਦੀ ਹੋਵੇਗੀ। ਪੁਲੀਸ ਨੇ ਆਬਕਾਰੀ ਇੰਸਪੈਕਟਰ ਨੂੰ ਵੀ ਪੁੱਛ-ਪੜਤਾਲ ਲਈ ਤਲਬ ਕੀਤਾ ਹੈ। ਜਾਅਲੀ ਸ਼ਰਾਬ ਬਰਾਮਦਗੀ ਵਾਲੇ ਬਾਗ਼ ਰਕਬੇ ਦੀ ਮਾਲਕੀ ਬਾਰੇ ਫ਼ਰਦ ਪੜਤਾਲ ’ਚ ਪੁਲੀਸ ਅਤੇ ਮਾਲ ਵਿਭਾਗ ਦੇ ਬਿਆਨ ਵੱਖੋ-ਵੱਖਰੇ ਹਨ। ਪੁਲੀਸ ਦਾ ਕਹਿਣਾ ਹੈ ਕਿ ਫਰਦ ਖ਼ਾਤਰ ਮਾਲ ਵਿਭਾਗ ਨੂੰ ਲਿਖ ਦਿੱਤਾ ਗਿਆ ਹੈ, ਜਦਕਿ ਮਾਲ ਵਿਭਾਗ ਅਨੁਸਾਰ ਉਸ ਨੂੰ ਕੋਈ ਪੱਤਰ ਹਾਸਲ ਨਹੀਂ ਹੋਇਆ। ਉਧਰ, ਜ਼ਿਲ੍ਹਾ ਪੁਲੀਸ ਨੇ ਮਾਮਲੇ ਦੀ ਜਾਂਚ ਡੀ.ਐੱਸ.ਪੀ (ਡੀ) ਜਸਮੀਤ ਸਿੰਘ ਨੂੰ ਸੌਂਪੀ ਹੈ।
ਆਬਕਾਰੀ ਵਿਭਾਗ ਮੁਤਾਬਕ ਮੈਨੇਜਰ ਆਨੰਦ ਸ਼ਰਮਾ ਸਾਰੇ ਮਾਮਲੇ ਤੋਂ ਜਾਣੂ ਹੈ। ਸੂਤਰਾਂ ਅਨੁਸਾਰ ਆਨੰਦ ਸ਼ਰਮਾ ਨੇ ਪੜਤਾਲ ਦੌਰਾਨ ਆਖਿਆ ਕਿ ਉਸ ਤੋਂ ਵੱਧ ਜਾਣਕਾਰੀ ਤਾਂ ਆਬਕਾਰੀ ਇੰਸਪੈਕਟਰ ਤੋਂ ਹਾਸਲ ਹੋ ਸਕਦੀ ਹੈ। ਅਜਿਹੇ ’ਚ ਆਬਕਾਰੀ ਇੰਸਪੈਕਟਰ ਦੀਆ ਮੁਸ਼ਕਲਾਂ ਵਧ ਗਈਆਂ ਹਨ। ਆਬਕਾਰੀ ਵਿਭਾਗ ਮੁਲਜ਼ਮਾਂ, ਆਬਕਾਰੀ ਇੰਸਪੈਕਟਰ ਅਤੇ ਹੋਰਨਾਂ ਸਬੰਧਤ ਵਿਅਕਤੀਆਂ ਦੀ ਕਾਲ ਡਿਟੇਲ ਕਢਵਾਉਣ ’ਤੇ ਜ਼ੋਰ ਦੇ ਰਿਹਾ ਹੈ।
ਦੂਜੇ ਪਾਸੇ ਡੀ.ਐੱਸ.ਪੀ (ਡੀ) ਜਸਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਅੱਜ ਹੀ ਪੜਤਾਲ ਆਈ ਹੈ। ਪੁਲੀਸ ਮੁਸਤੈਦੀ ਨਾਲ ਪੜਤਾਲ ’ਚ ਜੁਟੀ ਹੋਈ ਹੈ।
ਗੰਭੀਰ ਮਸਲੇ ’ਚ ਬਿਹਤਰ ਨਤੀਜੇ ਦੀ ਉਮੀਦ ਹੁੰਦੀ ਹੈ: ਏਈਟੀਸੀ
ਆਬਕਾਰੀ ਵਿਭਾਗ ਦੇ ਏਈਟੀਸੀ ਸੁਖਚੈਨ ਸਿੰਘ ਨੇ ਕਿਹਾ ਕਿ ਮੈਨੇਜਰ ਆਨੰਦ ਸ਼ਰਮਾ ਪਹਿਲਾਂ ਸਭ ਕੁਝ ਮੰਨਦਾ ਜਾਂਦਾ ਸੀ ਤੇ ਹੁਣ ਮੁੱਕਰਦਾ ਲੱਗਦਾ ਹੈ। ਇਸ ਤੋਂ ਜਾਪਦਾ ਹੈ ਕਿ ਪੁਲੀਸ ਦੀ ਤਫ਼ਤੀਸ਼ ਢਿੱਲੀ ਹੈ। ਗੰਭੀਰ ਮਸਲੇ ’ਚ ਤੇਜ਼ ਪੜਤਾਲ ਤਹਿਤ ਬਿਹਤਰ ਨਤੀਜੇ ਦੀ ਉਮੀਦ ਹੁੰਦੀ ਹੈ।