ਅਜੇ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 5 ਜੁਲਾਈ
ਆਪਣੀਆਂ ਬਣਦੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਆਬਕਾਰੀ ਅਤੇ ਕਰ ਵਿਭਾਗ ਦੇ ਇੰਸਪੈਕਟਰਾਂ ਵੱਲੋਂ ਅੱਜ ਤੋਂ ਤਿੰਨ ਦਿਨਾਂ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਗਈ। ਅੱਜ ਫ਼ਤਹਿਗੜ੍ਹ ਸਾਹਿਬ ਵਿੱਚ ਇੰਸਪੈਕਟਰਾਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਆਬਕਾਰੀ ਅਤੇ ਕਰ ਇੰਸਪੈਕਟਰ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਵਿਭਾਗ ਦੇ ਇੰਸਪੈਕਟਰਾਂ ਅਤੇ ਹੋਰ ਅਧਿਕਾਰੀਆਂ ਨੂੰ ਪਹਿਲਾਂ ਸਥਾਪਤ ਪੇਅ ਕਮਿਸ਼ਨਾਂ ਵਿੱਚ ਵੀ ਨਜ਼ਰਅੰਦਾਜ਼ ਕੀਤਾ ਗਿਆ ਸੀ ਅਤੇ ਹੁਣ ਨਵੇਂ ਆਏ ਛੇਵੇਂ ਪੇਅ ਕਮਿਸ਼ਨ ਵਿੱਚ ਵੀ ਇੰਸਪੈਕਟਰਾਂ ਅਤੇ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਧੱਕਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਨਿਸਟਰੀਅਲ ਸਟਾਫ਼ ਦੀ ਮੰਗ ਹੈ ਕਿ ਉਨ੍ਹਾਂ ਨੂੰ 10% ਕੋਟਾ ਸਿੱਧਾ ਆਬਕਾਰੀ ਅਤੇ ਕਰ ਅਫ਼ਸਰ ਵਜੋਂ ਪ੍ਰਮੋਸ਼ਨ ਰਾਹੀਂ ਦਿੱਤਾ ਜਾਵੇ ਜਿਸ ਦੀ ਮੁਖਾਲਫਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮਹਿਕਮਾ ਇਨਕਮ ਟੈਕਸ ਅਤੇ ਮਹਿਕਮਾ ਸੈਂਟਰਲ ਐਕਸਾਈਜ਼ ਵਿੱਚ 100% ਪ੍ਰਮੋਸ਼ਨ ਰਾਹੀਂ ਤਰੱਕੀ ਹੈ। ਇਸੇ ਤਰ੍ਹਾਂ ਮਹਿਕਮਾ ਫੂਡ ਐਂਡ ਸਪਲਾਈਜ਼ ਦੇ ਇੰਸਪੈਕਟਰ ਤੋਂ ਏ.ਐਫ.ਐਸ.ਓ. ਦੀ ਤਰੱਕੀ ਦਾ ਕੋਟਾ 75% ਹੈ ਤੇ ਉਨ੍ਹਾਂ ਦੀ ਜਥੇਬੰਦੀ ਦੀ ਮੰਗ ਹੈ ਕਿ ਫੂਡ ਸਪਲਾਈਜ਼ ਮਹਿਕਮੇ ਦੀ ਤਰਜ਼ ’ਤੇ ਉਨ੍ਹਾਂ ਦਾ ਪ੍ਰਮੋਸ਼ਨ ਕੋਟਾ ਵੀ 50% ਤੋਂ ਵਧਾ ਕੇ 75% ਕੀਤਾ ਜਾਵੇ।
ਆਗੂਆਂ ਨੇ ਕਿਹਾ 5 ਤੋਂ 7 ਜੁਲਾਈ ਤੱਕ ਕਲਮ ਛੋੜ ਹੜਤਾਲ ਜਾਰੀ ਰਹੇਗੀ ਤੇ ਜੇਕਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਫਿਰ ਵੀ ਸਰਕਾਰ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਾ ਦਿੱਤਾ ਗਿਆ ਤਾਂ 8 ਜੁਲਾਈ ਤੋਂ ਸੂਬੇ ਦੀਆਂ ਸਾਰੀਆਂ ਡਿਸਟਲਰੀਆਂ ਅਤੇ ਬੌਟਲਿੰਗ ਪਲਾਂਟਾਂ ਵਿੱਚ ਕੰਮ ਬੰਦ ਕਰ ਦਿੱਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਅਮਨਪ੍ਰੀਤ ਸਿੰਘ ਟਿਵਾਣਾ, ਮੀਤ ਪ੍ਰਧਾਨ ਮੁਨੀਸ਼ ਗੋਇਲ, ਜਨਰਲ ਸਕੱਤਰ ਵਿਜੈ ਕੁਮਾਰ, ਪ੍ਰੈੱਸ ਸਕੱਤਰ ਸਚਿਨ ਮਦਾਨ ਅਤੇ ਖਜ਼ਾਨਚੀ ਜਰਨੈਲ ਸਿੰਘ ਚਹਿਲ ਹਾਜ਼ਰ ਸਨ।