ਦਿਲਬਾਗ ਸਿੰਘ ਗਿੱਲ
ਅਟਾਰੀ, 25 ਅਕਤੂਬਰ
ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ-ਵਾਹਗਾ ਸਰਹੱਦ ਵਿਖੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਤੇ ਪਾਕਿਸਤਾਨ ਰੇਂਜਰਜ਼ ਦੇ ਅਧਿਕਾਰੀਆਂ ਨੇ ਦੀਵਾਲੀ ਦੇ ਤਿਉਹਾਰ ਮੌਕੇ ਇੱਕ-ਦੂਜੇ ਨੂੰ ਮਠਿਆਈ ਭੇਟ ਕੀਤੀ। ਭਾਰਤ ਵੱਲੋਂ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਮਠਿਆਈ ਭੇਟ ਕਰ ਕੇ ਇਸ ਪਵਿੱਤਰ ਤਿਉਹਾਰ ਦੀ ਮੁਬਾਰਕਬਾਦ ਵੀ ਦਿੱਤੀ ਗਈ। ਭਾਰਤ ਵੱਲੋਂ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਕਮਾਡੈਂਟ ਜਸਬੀਰ ਸਿੰਘ ਨੇ ਪਾਕਿਸਤਾਨ ਰੇਂਜਰਜ਼ ਦੇ ਵਿੰਗ ਕਮਾਂਡਰ ਮੁਹੰਮਦ ਆਮਿਰ ਨੂੰ ਮਠਿਆਈ ਦੇ ਸੱਤ ਡੱਬੇ ਦੇ ਕੇ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸੇ ਤਰ੍ਹਾਂ ਪਾਕਿਸਤਾਨ ਰੇਂਜਰਜ਼ ਦੇ ਵਿੰਗ ਕਮਾਂਡਰ ਮੁਹੰਮਦ ਆਮਿਰ ਨੇ ਵੀ ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਜਸਬੀਰ ਸਿੰਘ ਨੂੰ ਮਠਿਆਈ ਦੇ ਛੇ ਡੱਬੇ ਭੇਟ ਕੀਤੇ। ਉਨ੍ਹਾਂ ਬੀਐੱਸਐੱਫ ਅਧਿਕਾਰੀਆਂ ਨੂੰ ਇਸ ਪਵਿੱਤਰ ਤਿਉਹਾਰ ਲਈ ਮੁਬਾਰਕਬਾਦ ਵੀ ਦਿੱਤੀ। ਜ਼ਿਕਰਯੋਗ ਹੈ ਕਿ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਬੀਐੱਸਐੱਫ ਤੇ ਪਾਕਿਸਤਾਨ ਰੇਂਜਰਜ਼ ਵਿਚਕਾਰ ਰਵਾਇਤ ਅਨੁਸਾਰ ਵੱਖ-ਵੱਖ ਇਤਿਹਾਸਕ ਮੌਕਿਆਂ ’ਤੇ ਮਠਿਆਈ ਭੇਟ ਕਰ ਕੇ ਇੱਕ-ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।