ਪੱਤਰ ਪ੍ਰੇਰਕ
ਨੂਰਪੁਰਬੇਦੀ, 26 ਦਸੰਬਰ
ਸਿੱਖਿਆ ਵਿਭਾਗ ਵਿੱਚ 3704 ਮਾਸਟਰ ਕਾਡਰ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ ਅਸਾਮੀਆਂ ਦੀ ਭਰਤੀ ਲਈ ਇਸੇ ਸਾਲ 28 ਫਰਵਰੀ ਨੂੰ ਜੋ ਇਸ਼ਤਿਹਾਰ ਦਿੱਤਾ ਗਿਆ ਸੀ, ਸਬੰਧੀ ਸਿੱਖਿਆ ਵਿਭਾਗ ਵੱਲੋਂ ਲਿਖਤੀ ਪੇਪਰ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਬੋਰਡ ਵੱਲੋਂ ਜਾਰੀ ਪੱਤਰ ਅਨੁਸਾਰ ਸਮਾਜਿਕ ਸਿੱਖਿਆ ਵਿਸ਼ੇ ਦੀ ਅਸਾਮੀ ਲਈ ਲਿਖਤੀ ਪੇਪਰ ਅਗਲੇ ਸਾਲ 9 ਜਨਵਰੀ ਨੂੰ ਸਵੇਰੇ 9.30 ਤੋਂ 12.00 ਵਜੇ ਤੱਕ, ਗਣਿਤ ਵਿਸ਼ੇ ਦੀ ਅਸਾਮੀ ਲਈ ਇਸੇ ਦਿਨ ਬਾਅਦ ਦੁਪਹਿਰ 2.00 ਤੋਂ 4.30 ਵਜੇ ਤੱਕ ਅਤੇ ਸਾਇੰਸ ਵਿਸ਼ੇ ਦੀ ਅਸਾਮੀ ਲਈ 10 ਜਨਵਰੀ ਨੂੰ ਸਵੇਰੇ ਹੋਵੇਗਾ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੇ ਰੋਲ ਨੰਬਰ ਛੇਤੀ ਜਾਰੀ ਕਰ ਦਿੱਤੇ ਜਾਣਗੇ ਅਤੇ ਉਮੀਦਵਾਰ ਆਪਣੇ ਰੋਲ ਨੰਬਰ ਆਨਲਾਈਨ ਡਾਊਨਲੋਡ ਕਰ ਸਕਦੇ ਹਨ।