ਨਿੱਜੀ ਪੱਤਰ ਪ੍ਰੇਰਕ
ਮੋਗਾ, 23 ਸਤੰਬਰ
ਸੂਬੇ ’ਚ ਪੰਜਾਬ ਪੁਲੀਸ ਦੀਆਂ 4358 ਕਾਂਸਟੇਬਲ ਅਸਾਮੀਆਂ ਲਈ ਭਲਕੇ ਹੋਣ ਵਾਲੀ ਲਿਖਤੀ ਪ੍ਰੀਖਿਆ ਵਿੱਚ 4.71 ਲੱਖ ਨੌਜਵਾਨ ਬੈਠਣਗੇ। ਬੀਤੇ ਮਹੀਨੇ ਸਬ-ਇੰਸਪੈਕਟਰ ਲਿਖਤੀ ਪ੍ਰੀਖਿਆ ਦੌਰਾਨ ਬਲੂਟੁੱਥ ਨਾਲ ਨਕਲ ਕਰਵਾਏ ਜਾਣ ਮਗਰੋਂ ਸਾਰੇ ਪ੍ਰੀਖਿਆ ਕੇਂਦਰਾਂ ਵਿੱਚ ਜੈਮਰ ਅਤੇ ਹੋਰ ਬਿਜਲਈ ਉਪਕਰਨ ਲਾਏ ਜਾ ਰਹੇ ਹਨ। ਏਡੀਜੀਪੀ ਤੇ ਕਾਂਸਟੇਬਲਾਂ ਲਈ ਕੇਂਦਰੀ ਭਰਤੀ ਬੋਰਡ ਦੀ ਚੇਅਰਪਰਸਨ ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਆਰਮਡ ਕਾਡਰ ਵਿੱਚ ਕਾਂਸਟੇਬਲ ਦੀਆਂ 4358 ਅਸਾਮੀਆਂ ਲਈ 4,71,007 ਉਮੀਦਵਾਰਾਂ ਨੂੰ ਦਾਖਲਾ ਕਾਰਡ ਜਾਰੀ ਕਰ ਦਿੱਤੇ ਗਏ ਹਨ। ਲਿਖਤੀ ਪ੍ਰੀਖਿਆ ਸਵੇਰੇ 10 ਤੋਂ ਦੁਪਹਿਰ 12 ਵਜੇ ਅਤੇ ਸ਼ਾਮ 3 ਤੋਂ 5 ਵਜੇ ਦੀਆਂ ਦੋ ਸ਼ਿਫਟਾਂ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ 187 ਪ੍ਰੀਖਿਆ ਕੇਂਦਰ ਨਿਰਧਾਰਤ ਕੀਤੇ ਗਏ ਹਨ।