ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜੁਲਾਈ
ਕਿਸਾਨ ਅੰਦੋਲਨ ਦੌਰਾਨ ਦਿੱਲੀ ਪੁਲੀਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨਾਂ ਨੇ ਅੱਜ ਪੰਜਾਬ ਵਿਧਾਨ ਸਭਾ ਵੱਲੋਂ ਗਠਿਤ ਕਮੇਟੀ ਕੋਲ ਆਪਣੇ ਪਿੰਡੇ ’ਤੇ ਹੰਢਾਏ ਜਬਰ ਦੀ ਦਾਸਤਾਨ ਸੁਣਾਈ। ਪੰਜਾਬ-ਹਰਿਆਣਾ ਹੱਦ ’ਤੇ ਪੈਂਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਖਨੌਰੀ ਦਾ ਸਾਬਕਾ ਫ਼ੌਜੀ ਜੀਤ ਸਿੰਘ ਵੀ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਇਆ। ਜੀਤ ਸਿੰਘ ਦਾ ਪੁੱਤਰ ਵੀਰ ਸਿੰਘ ਅੱਜ ਕਮੇਟੀ ਕੋਲ ਪੇਸ਼ ਹੋਇਆ। ਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਜੀਤ ਸਿੰਘ ਆਪਣੀ ਜ਼ੈੱਨ ਕਾਰ ਰਾਹੀਂ ਦਿੱਲੀ ਕੁਝ ਸਾਮਾਨ ਲੈਣ ਗਿਆ ਸੀ, ਜਿਸ ਨੂੰ ਬੁਰਾੜੀ ਮੈਦਾਨ ਵਿੱਚੋਂ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਉਸ ’ਤੇ ਤਸ਼ੱਦਦ ਕੀਤਾ ਤੇ ਬਾਅਦ ਵਿੱਚ ਪੁਲੀਸ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਸੀ। ਇਸ ਮਗਰੋਂ ਉਹ ਜ਼ਮਾਨਤ ’ਤੇ ਰਿਹਾਅ ਹੋਇਆ। ਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ, ਕਾਰ ਵਿੱਚ ਪਈ 50 ਹਜ਼ਾਰ ਰੁਪਏ ਦੀ ਨਗਦੀ, ਕੱਪੜੇ ਅਤੇ ਮੋਬਾਈਲ ਫੋਨ ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ ਲੱਗ ਸਕਿਆ, ਜਿਸ ਬਾਰੇ ਉਨ੍ਹਾਂ ਕਮੇਟੀ ਨੂੰ ਜਾਣੂ ਕਰਵਾ ਦਿੱਤਾ ਹੈ।
ਸਬ-ਡਿਵੀਜ਼ਨ ਮੂਣਕ ਅਧੀਨ ਪੈਂਦੇ ਪਿੰਡ ਦੇਹਲਾ ਦੇ ਪੰਜ ਨੌਜਵਾਨ ਕਿਸਾਨ ਜਸਵਿੰਦਰ ਸਿੰਘ, ਸਤਨਾਮ ਸਿੰਘ, ਗੁਰਮੇਲ ਸਿੰਘ, ਕੁਲਵਿੰਦਰ ਸਿੰਘ ਅਤੇ ਜਗਸੀਰ ਸਿੰਘ ਨੇ ਵੀ ਕਮੇਟੀ ਕੋਲ ਪੁਲੀਸ ਜਬਰ ਬਾਰੇ ਆਪਣੇ ਬਿਆਨ ਦਰਜ ਕਰਵਾਏ। ਨੌਜਵਾਨਾਂ ਨੇ ਦੱਸਿਆ ਕਿ 29 ਜਨਵਰੀ ਨੂੰ ਉਹ ਸਿੰਘੂ ਹੱਦ ਤੋਂ ਕੁਝ ਦੂਰੀ ’ਤੇ ਸਥਿਤ ਨਰੇਲਾ ਵਿੱਚ ਗਏ ਸਨ, ਜਿਥੇ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਥਾਣੇ ਲਿਜਾ ਕੇ ਤਸ਼ੱਦਦ ਢਾਹਿਆ। ਉਨ੍ਹਾਂ ਖ਼ਿਲਾਫ਼ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਅਤੇ ਇੱਕ ਮਹੀਨੇ ਬਾਅਦ ਜ਼ਮਾਨਤ ਹੋਈ।
ਜ਼ਿਲ੍ਹਾ ਪਟਿਆਲਾ ਦੇ ਪਿੰਡ ਲੱਖੋ ਮਾਜਰਾ ਦੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਿੰਘੂ ਅੰਦੋਲਨ ਵਿੱਚ ਪਿੰਡੋਂ ਕਰੀਬ ਦੋ ਕੁਇੰਟਲ ਗਾਜਰ ਦਾ ਆਚਾਰ ਲੈ ਕੇ ਗਏ ਸਨ। ਉਹ 29 ਜਨਵਰੀ ਨੂੰ ਨਰੇਲਾ ਵਿੱਚ ਆਚਾਰ ਲਈ ਸਿਰਕਾ ਲੈਣ ਗਿਆ ਸੀ। ਇਸੇ ਦੌਰਾਨ ਸਿੰਘੂ ਅੰਦੋਲਨ ਦੀ ਸਟੇਜ ’ਤੇ ਕੁੱਝ ਲੋਕਾਂ ਨੇ ਪੱਥਰਬਾਜ਼ੀ ਕਰ ਦਿੱਤੀ, ਜਦੋਂ ਉਹ ਨਰੇਲਾ ਤੋਂ ਪਰਤਿਆ ਤਾਂ ਬੈਰੀਅਰ ’ਤੇ ਤਾਇਨਾਤ ਪੁਲੀਸ ਨੇ ਰੋਕ ਕੇ ਉਸ ਦੀ ਜੇਬ ਵਿੱਚੋਂ ਮੋਬਾਈਲ ਕੱਢ ਲਿਆ। ਪੁਲੀਸ ਨੇ ਇੱਕ ਕਮਰੇ ’ਚ ਲਿਜਾ ਕੇ ਉਸ ’ਤੇ ਤਸ਼ੱਦਦ ਢਾਹਿਆ, ਜਿਥੇ ਪਹਿਲਾਂ ਹੀ ਦੇਹਲਾ ਵਾਲੇ ਨੌਜਵਾਨ ਹਿਰਾਸਤ ਵਿੱਚ ਲਏ ਹੋਏ ਸਨ।
ਜ਼ਿਲ੍ਹਾ ਸੰਗਰੂਰ ਦੇ ਸੱਤ ਪੀੜਤ ਕਿਸਾਨਾਂ ਨਾਲ ਮੁਲਾਕਾਤ ਮਗਰੋਂ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ ਨੇ ਦੱਸਿਆ ਕਿ 26 ਜਨਵਰੀ ਦੀ ਘਟਨਾ ਮਗਰੋਂ 27, 28 ਅਤੇ 29 ਜਨਵਰੀ ਨੂੰ ਦਿੱਲੀ ਪੁਲੀਸ ਨੇ ਘੁੰਮਣ-ਫਿਰਨ ਗਏ 60-70 ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਏ ਕਰੀਬ 70 ਕਿਸਾਨਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 44 ਕਿਸਾਨਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਬਾਕੀਆਂ ਦੇ ਬਿਆਨ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੁਲਾਈ ਦੇ ਅਖ਼ੀਰ ਤੱਕ ਰਿਪੋਰਟ ਪੰਜਾਬ ਵਿਧਾਨ ਸਭਾ ਨੂੰ ਸੌਂਪ ਦਿੱਤੀ ਜਾਵੇਗੀ।
ਕਿਸਾਨਾਂ ਦੇ ਸ਼ਾਂਤਮਾਈ ਅੰਦੋਲਨ ’ਤੇ ਹਮਲਾ ਭਾਜਪਾ ਦੀ ਬੁਖਲਾਹਟ: ਡਾ. ਦਰਸ਼ਨ ਪਾਲ
ਹੰਡਿਆਇਆ (ਪੱਤਰ ਪ੍ਰੇਰਕ): ‘ਕਿਸਾਨਾਂ ਦੇ ਪਿਛਲੇ ਸੱਤ ਮਹੀਨੇ ਤੋਂ ਦਿੱਲੀਆਂ ਦੀਆਂ ਹੱਦਾਂ ’ਤੇ ਚੱਲ ਰਹੇ ਸ਼ਾਂਤਮਈ ਅੰਦੋਲਨ ਨੂੰ ਦੁਨੀਆਂ ਭਰ ਵਿੱਚ ਮਿਲ ਰਹੇ ਸਮਰਥਨ ਕਾਰਨ ਮੋਦੀ ਸਰਕਾਰ ਬੁਖਲਾਹਟ ਵਿੱਚ ਆ ਗਈ ਹੈ, ਜਿਸ ਕਾਰਨ ਭਾਜਪਾ ਤੇ ਆਰਐੱਸਐੱਸ ਕਾਰਕੁਨਾਂ ਵੱਲੋਂ ਬੀਤੇ ਦਿਨ ਗਾਜ਼ੀਪੁਰ ਬਾਰਡਰ ’ਤੇ ਯੋਜਨਾਬੱਧ ਹਮਲਾ ਕੀਤਾ ਗਿਆ ਹੈ।’ ਇਹ ਗੱਲਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਹੀਆਂ। ਜਥੇਬੰਦੀ ਦੀ ਜ਼ਿਲ੍ਹਾ ਬਰਨਾਲਾ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਕਿਸੇ ਵੀ ਭਾਜਪਾ ਆਗੂ ਨੂੰ ਮੀਟਿੰਗ/ਰੈਲੀ ਨਹੀਂ ਕਰਨ ਦਿੱਤੀ ਜਾਵੇਗੀ। ਇਸ ਦੌਰਾਨ ਭਾਜਪਾ ਵੱਲੋਂ ਕੀਤੇ ਹਮਲੇ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਤੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ, ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀਤੇ ਮੀਤ ਪ੍ਰਧਾਨ ਮਨਜੀਤ ਰਾਜ ਨੇ ਕਿਹਾ ਕਿ ਕਿਸਾਨ ਅੰਦਲਨ ਦੀ ਮਜ਼ਬੂਤੀ ਲਈ ਜ਼ਿਲ੍ਹਾ ਬਰਨਾਲਾ ਵਿੱਚ ਜਥੇਬੰਦੀ ਦੀਆਂ ਨਵੀਆਂ ਇਕਾਈਆਂ ਬਣਾਈਆਂ ਜਾ ਰਹੀਆਂ ਹਨ।