ਭੁੱਚੋ ਮੰਡੀ (ਪਵਨ ਗੋਇਲ): ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਨੇ ਪਿੰਡਾਂ ਵਿੱਚ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਹੈ। ਪਿੰਡਾਂ ਵਿੱਚ ਰਹਿ ਗਏ ਕਿਸਾਨ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਦਿੱਲੀ ਸੰਘਰਸ਼ ਵਿੱਚ ਸ਼ਾਮਲ ਹੋਏ ਕਿਸਾਨਾਂ ਦੇ ਖੇਤੀ ਕੰਮਾਂ ਨੂੰ ਬੇਝਿਜਕ ਨਿਪਟਾ ਰਹੇ ਹਨ। ਪਿੰਡ ਤੁੰਗਵਾਲੀ ਵਿੱਚ ਭਾਕਿਯੂ ਡਕੌਂਦਾ ਦੇ ਆਗੂ ਜਸਵਿੰਦਰ ਸਿੰਘ, ਬਲਵੀਰ ਸਿੰਘ, ਗੱਗੂ ਸਮਾਘ, ਰਛਪਾਲ ਸਿੰਘ ਅਤੇ ਜੱਸਾ ਸਿੰਘ ਨੇ ਦੱਸਿਆ ਕਿ ਪਿੰਡ ਦੇ ਕਿਸਾਨ ਆਗੂ ਖੇਤਾ ਸਿੰਘ, ਬਹਾਲ ਸਿੰਘ ਅਤੇ ਕਾਲਾ ਸਿੰਘ ਆਦਿ 26 ਨਵੰਬਰ ਤੋਂ ਦਿੱਲੀ ਸੰਘਰਸ਼ ਵਿੱਚ ਡਟੇ ਹੋਏ ਹਨ। ਉਨ੍ਹਾਂ ਦੇ ਖੇਤਾਂ ਵਿੱਚ ਨਰਮਾ ਚੁਗਣ, ਕਣਕ ਬੀਜਣ, ਛਟੀਆਂ ਪੁੱਟਣ ਅਤੇ ਘਰ ਲਈ ਬਾਲਣ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਕੰਮ ਵਿੱਚ ਜਥੇਬੰਦੀ ਦੇ ਇਸਤਰੀ ਵਿੰਗ ਵੱਲੋਂ ਵੀ ਵੱਡੀ ਭੂਮਿਕਾ ਨਿਭਾਈ ਜਾ ਰਹੀ ਹੈ। ਅੱਜ ਵੀ ਜੋਗਿੰਦਰ ਕੌਰ, ਗੁਰਦੇਵ ਕੌਰ, ਨਿਹਾਲ ਕੌਰ, ਮਨਜੀਤ ਕੌਰ, ਛਿੰਦਰਪਾਲ ਕੌਰ, ਵੀਰਪਾਲ ਕੌਰ, ਪਰਮਜੀਤ ਕੌਰ ਅਤੇ ਬੱਚੇ ਇੱਕ ਕਿਸਾਨ ਦੇ ਖੇਤ ਵਿੱਚ ਨਰਮੇ ਦੀ ਚੁਗਾਈ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਨਾਲ ਹਰ ਵਰਗ ਦੀ ਹਮਦਰਦੀ ਜੁੜੀ ਹੋਈ ਹੈ। ਕਿਸਾਨ ਸੰਘਰਸ਼ ਨੂੰ ਹਰ ਪਾਸਿਓਂ ਮਿਲ ਰਹੇ ਸਮਰਥਨ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਦੇਸ਼ ਦੇ ਅੰਨਦਾਤੇ ਨਾਲ ਧੱਕਾ ਕਰ ਰਹੀ ਹੈ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ।