ਸੰਜੀਵ ਬੱਬੀ
ਚਮਕੌਰ ਸਾਹਿਬ, 5 ਜਨਵਰੀ
ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਕਾਨੂੰਨਾਂ ਖ਼ਿਲਾਫ਼ ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਵਿੱਚ ਹਿੱਸਾ ਪਾਉਣ ਲਈ ਚਮਕੌਰ ਸਾਹਿਬ ਅਨਾਜ ਮੰਡੀ ਵਿੱਚੋਂ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਤੇ ਆੜ੍ਹਤੀ ਤਰਲੋਚਨ ਸਿੰਘ ਭੰਗੂ ਦੀ ਅਗਵਾਈ ਹੇਠ ਆੜ੍ਹਤੀਆਂ ਦਾ ਤੀਜਾ ਜਥਾ ਰਵਾਨਾ ਹੋਇਆ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਾਇਬ ਸਿੰਘ ਨੇ ਦੱਸਿਆ ਕਿ ਪਾਸ ਕੀਤੇ ਕਾਨੂੰਨਾਂ ਕਾਰਨ ਸਿਰਫ ਕਿਸਾਨ ਹੀ ਨਹੀਂ ਬਰਬਾਦ ਹੋਣਗੇ, ਸਗੋਂ ਹਰੇਕ ਵਰਗ ਦੇ ਲੋਕ ਇਸ ਦੀ ਮਾਰ ਹੇਠ ਆਉਣਗੇ। ਇਸ ਮੌਕੇ ਆੜ੍ਹਤੀ ਬਲਜੀਤ ਸਿੰਘ, ਬਹਾਦਰ ਸਿੰਘ ਤੁੰਗ ਅਤੇ ਸੋਹਣ ਲਾਲ ਹਾਜ਼ਰ ਸਨ।
ਅਮਲੋਹ (ਰਾਮ ਸਰਨ ਸੂਦ): ਪਿੰਡ ਭੱਦਲਥੂਹਾ ਤੋਂ ਕਿਸਾਨਾਂ ਦਾ ਕਾਫ਼ਲਾ ਟਰਾਲੀਆਂ ਵਿਚ ਸਵਾਰ ਹੋ ਕੇ ਦਿੱਲੀ ਦੇ ਸਿੰਘੂ ਬਾਰਡਰ ਦੇ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਇਸ ਮੌਕੇ ਪਿੰਡ ਦੇ ਸਰਪੰਚ ਜੋਗਾ ਸਿੰਘ, ਹਰਵਿੰਦਰ ਵਿੱਕੀ, ਹੈਪੀ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋ ਲਿਆਂਦੇ ਕਾਲੇ ਕਾਨੂੰਨ ਕਿਸਾਨਾਂ ਨੂੰ ਕਿਸੇ ਵੀ ਕੀਮਤ ’ਤੇ ਮਨਜ਼ੂਰ ਨਹੀਂ। ਇਸ ਮੌਕੇ ਸਰਪੰਚ ਜੋਗਾ ਸਿੰਘ, ਹਰਵਿੰਦਰ ਸਿੰਘ ਵਿੱਕੀ, ਜਗਦੀਪ ਸਿੰਘ, ਹਰਦੀਪ ਸਿੰਘ, ਮਾਸਟਰ ਜੋਰਾ ਸਿੰਘ, ਗੁਰਮੀਤ ਸਿੰਘ, ਸੁਖਦੇਵ ਸਿੰਘ ਸੁੱਖੂ ਹਾਜ਼ਰ ਸਨ।
ਕੁਰਾਲੀ (ਮਿਹਰ ਸਿੰਘ): ਇੱਥੋਂ ਨੇੜਲੇ ਇਤਿਹਾਸਕ ਕਸਬੇ ਖਿਜ਼ਰਾਬਾਦ ਦੇ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਪਬਲਿਕ ਸਕੂਲ ਦਾ ਸਟਾਫ਼ ਸਕੂਲ ਦੇ ਡਾਇਰੈਕਟਰ ਹਰਚਰਨ ਸਿੰਘ ਖਿਜ਼ਰਾਬਾਦ ਅਤੇ ਸਤਨਾਮ ਸਿੰਘ ਖਿਜ਼ਰਾਬਾਦ ਦੀ ਅਗਵਾਈ ਹੇਠ ਨਵੀਂ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਹਿੱਸਾ ਲੈਣ ਲਈ ਅੱਜ ਦਿੱਲੀ ਨੂੰ ਰਵਾਨਾ ਹੋਏ। ਸਕੂਲ ਦੀ ਸਟਾਫ ਬੱਸ ਨੂੰ ਅੱਜ ਦਿੱਲੀ ਲਈ ਸਰਪੰਚ ਗੁਰਿੰਦਰ ਸਿੰਘ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸੇ ਦੌਰਾਨ ਮਾਜਰੀ ਤੋਂ ਮਹਿਲਾਵਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ। ਲੋਕ ਹਿੱਤ ਮਿਸ਼ਨ ਦੇ ਝੰਡੇ ਹੇਠ ਮਹਿਲਾਵਾਂ ਦਾ ਇਹ ਜਥਾ ਦਿੱਲੀ ਵਿੱੱਚ ਕਿਸਾਨ ਧਰਨੇ ਵਿੱਚ ਸ਼ਮੂਲੀਅਤ ਕਰੇਗਾ। ਕਿਸਾਨਾਂ ਦੇ ਹਿੱਤਾਂ ਲਈ ਲੋਕ ਹਿੱਤ ਮਿਸ਼ਨ ਵੱਲੋਂ ਬੜੌਦੀ ਦੇ ਟੌਲ ਪਲਾਜ਼ਾ ਉਤੇ ਨਿਰੰਤਰ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਹਰਜੀਤ ਸਿੰਘ ਹਰਮਨ, ਗੁਰਮੀਤ ਸਿੰਘ ਸ਼ਾਂਟੂ, ਦਲਵਿੰਦਰ ਸਿੰਘ ਬੈਨੀਪਾਲ,ਰਵਿੰਦਰ ਸਿੰਘ ਵਜੀਦਪੁਰ, ਰਵਿੰਦਰ ਸਿੰਘ ਬੈਂਸ ਹਾਜ਼ਰ ਸਨ।
ਕਾਰ ਸੇਵਾ ਵਾਲਿਆਂ ਨੇ ਦਿੱਲੀ ਧਰਨੇ ਲਈ 300 ਕੰਬਲ ਭੇਜੇ
ਬਨੂੜ (ਕਰਮਜੀਤ ਸਿੰਘ ਚਿੱਲਾ): ਇੱਥੋਂ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਪ੍ਰਬੰਧਕ ਅਤੇ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਦਿਲਬਾਗ ਸਿੰਘ ਬਾਗਾ ਨੇ ਅੱਜ ਦਿੱਲੀ ਦੇ ਧਰਨਾਕਾਰੀ ਕਿਸਾਨਾਂ ਲਈ 300 ਗਰਮ ਡਬਲ ਬੈੱਡਾਂ ਵਾਲੇ ਕੰਬਲ ਭੇਜੇ। ਇਸ ਮੌਕੇ ਮਨਿੰਦਰ ਸਿੰਘ ਟਿੰਮਾ ਅਤੇ ਗੱਗੂ ਗਿੱਲ ਖਰੜ ਵੀ ਮੌਜੂਦ ਸਨ। ਬਾਬਾ ਬਾਗਾ ਨੇ ਦੱਸਿਆ ਕਿ ਬਨੂੜ ਖੇਤਰ ਦੇ ਧਰਨਾਕਾਰੀਆਂ ਵੱਲੋਂ ਕੰਬਲਾਂ ਦੀ ਮੰਗ ਕੀਤੀ ਜਾ ਰਹੀ ਸੀ, ਜਿਨ੍ਹਾਂ ਦੀ ਪੂਰਤੀ ਲਈ ਗਰਮ ਕੰਬਲ ਭਿਜਵਾਏ ਗਏ ਹਨ।
ਗਜਰੇਲਾ ਲੈ ਕੇ ਅਬਿਆਣਾ ਤੋਂ ਜਥਾ ਦਿੱਲੀ ਰਵਾਨਾ
ਨੂਰਪੁਰਬੇਦੀ (ਬਲਵਿੰਦਰ ਰੈਤ): ਇੱਥੇ ਅੱਜ ਪਿੰਡ ਅਬਿਆਣਾ ਤੋਂ ਅਮਨਦੀਪ ਸਿੰਘ ਅਬਿਆਣਾ ਅਤੇ ਜੀਤ ਸਿੰਘ ਸੈਣੀ ਦੀ ਅਗਵਾਈ ਵਿਚ ਸੰਗਤਾਂ ਦਾ ਜਥਾ 11 ਕੁਇੰਟਲ ਗਜਰੇਲਾ ਲੈ ਕੇ ਰਵਾਨਾ ਹੋਇਆ। ਅਬਿਆਣਾ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਅਮਨਦੀਪ ਅਬਿਆਣਾ ਨੇ ਕਿਹਾ ਕਿ ਨੂਰਪੁਰ ਬੇਦੀ, ਡਾਢੀ ਮਨਜੀਤ ਸਿੰਘ ਅਬਿਆਣਾ, ਜੀਤ ਸਿੰਘ ਸੈਣੀ ਹਾਜ਼ਰ ਸਨ।