ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 23 ਨਵੰਬਰ
ਯੂਥ ਵੈੱਲਫੇਅਰ ਕਲੱਬ ਅਤੇ ਗ੍ਰਾਮ ਪੰਚਾਇਤ ਪਿੰਡ ਬਸੀ ਗੁੱਜਰਾਂ ਵੱਲੋਂ ਆਜ਼ਾਦੀ ਸੰਗਰਾਮ ਲਈ ਜੂਝਣ ਵਾਲੀਆਂ ਗ਼ਦਰ ਅਤੇ ਬੱਬਰ ਅਕਾਲੀ ਲਹਿਰਾਂ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸਾਹਿਬ ਵਿੱਚ ਕਰਵਾਇਆ ਗਿਆ। ਚੰਡੀਗੜ੍ਹ ਸਕੂਲ ਆਫ਼ ਡਰਾਮਾ ਦੀ ਟੀਮ ਵੱਲੋਂ ਇਕੱਤਰ ਸਿੰਘ ਦੀ ਅਗਵਾਈ ਹੇਠ ‘ਇਹ ਲਹੂ ਕਿਸਦਾ ਹੈ’ ਅਤੇ ‘ਅਸੀਂ ਜਿੱਤਾਂਗੇ’ ਨਾਟਕ ਖੇਡੇ ਗਏ ਅਤੇ ਕੋਰੀਓਗ੍ਰਾਫੀ ‘ਦੇਸ਼ ਨੂੰ ਚੱਲੋ’ ਪੇਸ਼ ਕੀਤੀ ਗਈ।
ਪਿੰਡ ਦੀ ਕੰਗ ਯਾਦਗਾਰੀ ਸੰਸਥਾ ਦੇ ਡਾਇਰੈਕਟਰ ਸਵਰਨ ਸਿੰਘ ਭੰਗੂ ਨੇ ਆਜ਼ਾਦੀ ਸੰਗਰਾਮ ਲਈ ਚੱਲੀਆਂ ਲਹਿਰਾਂ ਅਤੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਸਬੰਧੀ ਦੱਸਦਿਆਂ ਪਿੰਡ ਦੇ ਨੌਜਵਾਨਾਂ ਦੀ ਗ਼ਦਰੀ ਬਾਬਾ ਮਾਸਟਰ ਚਤਰ ਸਿੰਘ ਮਨੈਲੀ ਦੀ ਯਾਦ ਵਿੱਚ ਲਾਇਬ੍ਰੇਰੀ ਸਥਾਪਤ ਕਰਨ ਦੀ ਸ਼ਲਾਘਾ ਕੀਤੀ ਅਤੇ ਨੌਜਵਾਨ ਪੀੜ੍ਹੀ ਨੂੰ ਲਾਇਬ੍ਰੇਰੀ ਤੋਂ ਲਾਭ ਲੈਣ ਲਈ ਵੀ ਕਿਹਾ। ਯੂਥ ਕਲੱਬ ਵੱਲੋਂ ਸਮਾਗਮ ਦੌਰਾਨ ਜਿੱਥੇ 200 ਦੇ ਕਰੀਬ ਛਾਂਦਾਰ, ਫੁੱਲਦਾਰ ਅਤੇ ਫ਼ਲਦਾਰ ਪੌਦੇ ਵੰਡੇ ਗਏ, ਉੱਥੇ ਹੀ ਗ਼ਦਰੀ ਬਾਬਾ ਚਤਰ ਸਿੰਘ ਤੇ ਪੜਪੋਤਰੇ ਗੁਰਿੰਦਰ ਸਿੰਘ ਧਤਰਨੀ ਦਾ ਸਨਮਾਨ ਕੀਤਾ।
ਨਾਟਕ ਪੇਸ਼ਕਾਰੀਆਂ ਦੌਰਾਨ ਰਾਣਾ ਰਣਵੀਰ, ਹਰਵਿੰਦਰ ਔਜਲਾ, ਪ੍ਰਭਜੋਤ ਕੌਰ ਅਤੇ ਗੁਰਵਿੰਦਰ ਸਿੰਘ ਨੇ ਸ਼ਾਨਦਾਰ ਕਿਰਦਾਰ ਨਿਭਾਏ। ਇਸ ਮੌਕੇ ਸਰਪੰਚ ਜਸਵੰਤ ਸਿੰਘ, ਸਮਿਤੀ ਮੈਂਬਰ ਮਲਕੀਤ ਸਿੰਘ, ਪ੍ਰਧਾਨ ਸ਼ਮਸ਼ੇਰ ਸਿੰਘ, ਸਾਬਕਾ ਸਰਪੰਚ ਕੁਲਦੀਪ ਕੌਰ, ਕੁਲਵੰਤ ਸਿੰਘ ਤੁੰਗ ਅਤੇ ਭਜਨ ਸਿੰਘ ਆਦਿ ਹਾਜ਼ਰ ਸਨ।