ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਨਵੰਬਰ
ਸਿੱਖ ਜਥੇਬੰਦੀ ‘ਵਰਲਡ ਸਿੱਖ ਪਾਰਲੀਮੈਂਟ’ ਵੱਲੋਂ ਅਮਰੀਕਾ ਦੇ ਸੂਬੇ ਕਨੈਟੀਕਟ ਵਿਚ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਨਵੰਬਰ 1984 ਸਿੱਖ ਕਤਲੇਆਮ ਦੀ 36ਵੀਂ ਬਰਸੀ ਨੂੰ ਸਮਰਪਿਤ ਯਾਦ ਦਿਵਸ ਸਮਾਰੋਹ ਕਰਵਾਇਆ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋੋਸਟ ਦੇ ਆਗੂ ਹਿੰਮਤ ਸਿੰਘ ਨੇ ਦੱਸਿਆ ਕਿ ਸੂਬੇ ਦੇ ਸੈਨੇਟਰ ਕੈਥੀ ਓਸਟਨ ਅਤੇ ਸਟੇਟ ਨੁਮਾਇੰਦੇ ਕੇਵਿਨ ਰੇਆਨ ਵੱਲੋਂ ਹਰ ਸਾਲ ਇਸ ਕਤਲੇਆਮ ਨੂੰ ਸਿੱਖ ‘ਨਸਲਕੁਸ਼ੀ’ ਯਾਦਗਾਰੀ ਦਿਵਸ ਵਜੋਂ ਮਨਾਏ ਜਾਣ ਸਬੰਧੀ 2018 ਵਿੱਚ ਬਿੱਲ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਰਾਜਪਾਲ ਵੱਲੋਂ ਇਸ ਉੱਪਰ ਹਸਤਾਖ਼ਰ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਕਨੈਕਟੀਕਟ ਦੇ ਲੈਫਟੀਨੈਂਟ ਗਵਰਨਰ ਸੂਜ਼ਨ ਬਿਸੀਵਿਚ ਨੇ ਗਵਰਨਰ ਦੇ ਐਲਾਨ ਨੂੰ ਪੜ੍ਹਿਆ ਅਤੇ ਸਿੱਖ ਕੌਮ ਨਾਲ ਹਮਦਰਦੀ ਪ੍ਰਗਟਾਈ। ਅਟਾਰਨੀ ਜਨਰਲ ਵਿਲੀਅਮ ਟੌਂਗ ਨੇ ਸਿੱਖ ਭਾਈਚਾਰੇ ਨਾਲ ਇਕਜੁੱਟਤਾ ਦਾ ਸੁਨੇਹਾ ਭੇਜਿਆ। ਸੈਨੇਟ ਦੇ ਆਗੂ ਬੌਬ ਡੱਫ, ਸਟੇਟ ਸੈਨੇਟਰ ਸੌਦ ਅਨਵਰ, ਸਟੇਟ ਪ੍ਰਤੀਨਿਧੀ ਐਮੇਟ ਰਾਇਲੀ, ਜਿਲੀਅਨ ਗਿਲਚਰੇਟ, ਲੂਸੀ ਡੇਥਨ ਅਤੇ ਜੋਸ਼ ਐਲੀਅਟ ਨੇ ਵੀ ਸਿੱਖਾਂ ਨਾਲ ਇਕਜੁੱਟਤਾ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਨੌਰਵਿਚ ਐਜੂਕੇਸ਼ਨ ਬੋਰਡ ਦੇ ਮੈਂਬਰ ਸਵਰਨਜੀਤ ਸਿੰਘ ਖਾਲਸਾ ਨੇ ਸਿੱਖਾਂ ਅਤੇ ਹੋਰ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ਵ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਵੱਲੋਂ ਨੌਰਵਿਚ ਦੇ ਮੇਅਰ ਪੀਟਰ ਨਾਈਸਟ੍ਰੋਮ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਭੇਟ ਕੀਤੀ ਗਈ ਅਤੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਪੜ੍ਹਿਆ। ਗੁਰਦੁਆਰੇ ਵਿੱਚ ਕੀਤੇ ਸਮਾਗਮ ਵਿੱਚ ਸਥਾਨਕ ਤਾਮਿਲ ਭਾਈਚਾਰੇ ਦੇ ਮੈਂਬਰ, ਹੋਰ ਧਰਮਾਂ ਦੇ ਆਗੂ ਤੇ ਸਿੱਖ ਸੰਸਥਾਵਾਂ ਦੇ ਮੈਂਬਰ ਸ਼ਾਮਲ ਹੋਏ।