ਪਰਮਜੀਤ ਸਿੰਘ
ਫਾਜ਼ਿਲਕਾ, 19 ਫਰਵਰੀ
ਵਿਧਾਨ ਸਭਾ ਦੀ ਸੋਲ੍ਹਵੀਂ ਚੋਣ ਹੋਣ ਜਾ ਰਹੀ ਹੈ ਤੇ ਪੰਜਾਬ ਦੇ ਲੋਕ ਆਪਣੀ ਜ਼ਿੰਦਗੀ ਸੁਖਾਲੀ ਹੋਣ ਦੀ ਉਮੀਦ ’ਚ ਅਸੈਂਬਲੀ ’ਚ ਭਵਿੱਚ ਦੇ ਕਾਨੂੰਨ ਬਣਾਉਣ ਵਾਲੇ ਵਿਧਾਇਕਾਂ ਨੂੰ ਚੁਣਨ ਜਾ ਰਹੇ ਹਨ। ਵੋਟ ਪਾਉਣ ਦਾ ਅਧਿਕਾਰ ਭਾਵੇਂ ਹਰ ਬਾਸ਼ਿੰਦੇ ਨੂੰ ਹਾਸਲ ਹੈ, ਪਰ ਵੱਡੀ ਗਿਣਤੀ ਵੋਟਰ ਹਾਲੇ ਵੀ ਆਪਣੇ ਇਸ ਹੱਕ ਦੀ ਅਸਲ ਤਾਕਤ ਤੋਂ ਵਾਕਫ਼ ਨਹੀਂ ਹਨ। ਜ਼ਿੰਦਗੀ ਦਾ ਵੱਡਾ ਹਿੱਸਾ ਵੋਟਾਂ ਪਾ ਕੇ ਆਗੂਆਂ ਦੀ ਚੋਣ ਕਰਨ ਵਾਲੇ ਵਿਧਾਨ ਸਭਾ ਹਲਕਾ ਫਾਜ਼ਿਲਕਾ ਤੇ ਜਲਾਲਾਬਾਦ ਦੇ ਸੈਂਕੜੇ ਪਰਿਵਾਰ ਕੱਚੇ ਢਾਰਿਆਂ ਚ ਰਹਿਣ ਲਈ ਮਜਬੂਰ ਹਨ।
ਵਿਧਾਨ ਸਭਾ ਹਲਕਾ ਜਲਾਲਾਬਾਦ ਅਧੀਨ ਆਉਂਦੇ ਪਿੰਡ ਚੱਕ ਅਰਨੀਵਾਲਾ ਦੇ ਬਜ਼ੁਰਗ ਦਲੀਪ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ ਬਹੱਤਰ ਸਾਲ ਹੈ ਤੇ ਲੰਮੇ ਅਰਸੇ ਤੋਂ ਉਹ ਇਸ ਆਸ ’ਤੇ ਹਰ ਵਾਰ ਵੋਟ ਪਾਉਂਦਾ ਆਇਆ ਹੈ ਕਿ ਉਨ੍ਹਾਂ ਦੀ ਜ਼ਿੰਦਗੀ ’ਚ ਸੁਧਾਰ ਆਵੇਗਾ, ਪਰ ਅੱਜ ਵੀ ਉਹ ਕੱਚੇ ਢਾਰੇ ’ਚ ਹੀ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਵੋਟਾਂ ਵੇਲੇ ਪੱਕਾ ਮਕਾਨ ਬਣਾਉਣ ਦੇ ਵਾਅਦੇ ਹਰ ਵਾਰ ਉਸ ਦੀ ਉਮੀਦ ਜਗਾਉਂਦੇ ਹਨ, ਪਰ ਵੋਟਾਂ ਮਰਗੋਂ ਕੋਈ ਮੁੜ ਕੇ ਉਨ੍ਹਾਂ ਦੀ ਬਾਤ ਨਹੀਂ ਪੁੱਛਦਾ। ਵਾਰ-ਵਾਰ ਪੱਕਾ ਮਕਾਨ ਬਣਾਉਣ ਲਈ ਅਰਜ਼ੀਆਂ ਦੇ ਦੇ ਥੱਕ ਚੁੱਕੇ ਪ੍ਰੀਤਮ ਸਿੰਘ ਦਾ ਕਹਿਣਾ ਹੈ ਕਿ ਵੋਟਾਂ ਲੈਣ ਲਈ ਹਰ ਪਾਰਟੀ ਦਾ ਆਗੂ ਉਨ੍ਹਾਂ ਦੇ ਤਰਲੇ ਕੱਢ ਰਿਹਾ ਹੈ, ਪਰ ਵੋਟ ਪ੍ਰਾਪਤ ਕਰਨ ਤੋਂ ਬਾਅਦ ਚੁਣੇ ਜਾਣ ਵਾਲੇ ਆਗੂ ਮੁੜ ਇਲਾਕੇ ਦੇ ਗ਼ਰੀਬ ਲੋਕਾਂ ਨੂੰ ਮੂੰਹ ਤੱਕ ਨਹੀਂ ਦਿਖਾਉਂਦੇ। ਪਿੰਡ ਦੇ ਚਿੱਤ ਨੌਜਵਾਨ ਮਨਪ੍ਰੀਤ ਸਿੰਘ ਅਤੇ ਰਾਜਪ੍ਰੀਤ ਨੇ ਕਿਹਾ ਕਿ ਇਸ ਵਾਰ ਦੀਆਂ ਵੋਟਾਂ ਵਿੱਚ ਨੌਜਵਾਨ ਚੇਤਨ ਹਨ ਤੇ ਉਹ ਸਵਾਲ ਖੜ੍ਹੇ ਕਰ ਰਹੇ ਹਨ। ਸੋਲਵੀਂ ਵਾਰ ਹੋ ਰਹੀਆਂ ਇਨ੍ਹਾਂ ਵਿਧਾਨ ਸਭਾ ਚੋਣਾਂ ਲਈ ਇੱਕ ਵਾਰ ਫਿਰ ਗਰੀਬ ਵੋਟਰਾਂ ਤੋਂ ਵੋਟਾਂ ਤਾਂ ਬੇਸ਼ੱਕ ਪਵਾ ਲਈਆਂ ਜਾਣਗੀਆਂ, ਪਰ ਇਹ ਸਮਾਂ ਹੀ ਦੱਸੇਗਾ ਕਿ ਇਸ ਵਾਰ ਇਨ੍ਹਾਂ ਨਾਲ ਕੀਤੇ ਗਏ ਵਾਅਦੇ ਵਫ਼ਾ ਹੁੰਦੇ ਹਨ ਜਾਂ ਪਹਿਲਾਂ ਵਾਂਗ ਲਾਰੇ ਹੀ ਬਣ ਕੇ ਰਹਿ ਜਾਣਗੇ।