ਜੋਗਿੰਦਰ ਸਿੰਘ ਮਾਨ
ਮਾਨਸਾ, 7 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਅੱਗੇ ਮੋਦੀ ਸਰਕਾਰ ਦੀ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਸਾਂਝ ਤੋੜਨ ਨੂੰ ਲੈ ਕੇ ਲਾਇਆ ਧਰਨਾ ਅੱਜ ਵੀ ਜਾਰੀ ਰਿਹਾ। ਹਾਲਾਂਕਿ ਕਿਸਾਨਾਂ ਵੱਲੋਂ ਪੂੰਜੀਪਤੀਆਂ ਦੇ ਵਪਾਰਕ ਅਦਾਰਿਆਂ ਦੇ ਕੀਤੇ ਜਾ ਰਹੇ ਘਿਰਾਓ ਦੌਰਾਨ ਜਥੇਬੰਦੀ ਨੇ ਕੋਲੇ ਵਾਲੀਆਂ ਗੱਡੀਆਂ ਨੂੰ ਰਾਹ ਦੇ ਦਿੱਤਾ ਹੈ, ਇਹ ਤਾਪ ਘਰ ਹਾਲੇ ਤੱਕ ਚੱਲ ਨਹੀਂ ਸਕਿਆ ਹੈ। ਤਾਪ ਘਰ 28 ਅਕਤੂਬਰ ਤੋਂ ਬਿਜਲੀ ਪੈਦਾ ਨਹੀਂ ਕਰ ਰਿਹਾ।
ਧਰਨੇ ਮੌਕੇ ਜਥੇਬੰਦੀ ਦੇ ਆਗੂ ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਫ਼ੈਸਲਿਆਂ ਤਹਿਤ ਵੱਡੀਆਂ ਕੰਪਨੀਆਂ ਲਈ ਕਿਸਾਨਾਂ ਦੀਆਂ ਜ਼ਮੀਨਾਂ ਖ਼ਰੀਦ ਕੇ ਵੱਡੇ ਖੇਤੀ ਫਾਰਮ ਬਣਾਉਣ ਦੀ ਇੱਛਾ ਲਈ ਜੋ ਵਿਉਂਤਬੰਦੀਆਂ ਬਣਾਈਆਂ ਗਈਆਂ ਹਨ, ਉਨ੍ਹਾਂ ਨੂੰ ਰੋਕਣ ਲਈ ਜਥੇਬੰਦੀ ਨੇ ਅਜਿਹੇ ਧਰਨੇ ਦੇਣ ਦਾ ਨਿਰਣਾ ਲਿਆ ਹੈ। ਜਥੇਬੰਦੀ ਵੱਲੋਂ ਇਨ੍ਹਾਂ ਕੰਪਨੀਆਂ ਦੇ ਪਹਿਲਾਂ ਤੋਂ ਹੀ ਚੱਲ ਰਹੇ ਕਾਰੋਬਾਰ ਰੋਕਣ ਲਈ ਤਲਵੰਡੀ ਸਾਬੋ ਪਾਵਰ ਲਿਮਟਿਡ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਐਕਟ-2020 ਲਿਆ ਕੇ ਬਿਜਲੀ ਦਾ ਸਮੁੱਚਾ ਪ੍ਰਬੰਧ ਅਡਾਨੀਆਂ-ਅੰਬਾਨੀਆਂ ਨੂੰ ਦੇ ਦੇਵੇਗੀ, ਜਿਸ ਨਾਲ ਬਿਜਲੀ ਦੇ ਰੇਟ ਅਸਮਾਨੀ ਚੜ੍ਹ ਜਾਣਗੇ।
ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਜ ’ਚ ਰੇਲ ਗੱਡੀਆਂ ਚਾਲੂ ਹੋਣ ਤੋਂ ਇੱਕ ਹਫ਼ਤੇ ਬਾਅਦ ਹੀ ਤਾਪ ਘਰ ਬਿਜਲੀ ਪੈਦਾ ਕਰਨ ਦੇ ਸਮਰੱਥ ਹੋ ਸਕੇਗਾ, ਕਿਉਂਕਿ ਉੜੀਸਾ ਅਤੇ ਬੰਦਰਗਾਹ ਤੋਂ ਕੋਲਾ ਆਉਣ ਵਿੱਚ ਇੱਕ ਹਫ਼ਤੇ ਤੋਂ ਵੱਧ ਸਮਾਂ ਲੱਗੇਗਾ। ਉਨ੍ਹਾਂ ਮੁਤਾਬਕ ਥਰਮਲ ਵਿੱਚ ਬਿਲਕੁਲ ਕੋਲਾ ਨਹੀਂ ਹੈ ਅਤੇ ਨਾ ਹੀ ਕੋਈ ਕੋਲੇ ਵਾਲੀ ਗੱਡੀ ਰਸਤੇ ਵਿੱਚ ਖੜ੍ਹੀ ਹੈ। ਹੁਣ ਨਵੇਂ ਸਿਰੇ ਤੋਂ ਡਿਮਾਂਡ ਭੇਜਣ ਮਗਰੋਂ ਹੀ ਕੋਲਾ ਆ ਸਕੇਗਾ।
ਕਿਸਾਨਾਂ ਤੇ ਮਜ਼ਦੂਰਾਂ ਨੂੰ ਘਰਾਂ ’ਤੇ ਕਾਲੇ ਝੰਡੇ ਲਾਉਣ ਦੀ ਅਪੀਲ
ਜੰਡਿਆਲਾ ਗੁਰੂ (ਸਿਮਰਤ ਪਾਲ ਸਿੰਘ ਬੇਦੀ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ੁਰੂ ਕੀਤਾ ਗਿਆ ‘ਰੇਲ ਰੋਕੋ ਅੰਦੋਲਨ’ ਅੱਜ 45ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਪਟੜੀਆਂ ’ਤੇ ਸ਼ੁਰੂ ਕੀਤਾ ਗਿਆ ਇਹ ਅੰਦੋਲਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਬੀਤੇ ਦਿਨ ਰੇਲਵੇ ਸਟੇਸ਼ਨ ਦੇ ਪਾਰਕ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਸੰਘਰਸ਼ ਦੇ 45ਵੇਂ ਦਿਨ ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ ਅਤੇ ਗੁਰਲਾਲ ਸਿੰਘ ਪੰਡੋਰੀ ਨੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ 14 ਨਵੰਬਰ ਨੂੰ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੀਵਾਲੀ ਵਾਲੇ ਦਿਨ ਪੂਰੇ ਪੰਜਾਬ ਵਿੱਚ ਪਿੰਡ ਪੱਧਰ ’ਤੇ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ। ਇਸ ਦੌਰਾਨ ਉਨ੍ਹਾਂ ਕਿਸਾਨਾਂ, ਮਜ਼ਦੂਰਾਂ, ਸ਼ਹਿਰੀਆਂ, ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਘਰਾਂ ’ਤੇ ਕਾਲੇ ਝੰਡੇ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਸ਼ੁਰੂ ਕੀਤਾ ਗਿਆ ਰੇਲ ਰੋੋਕ ਅੰਦੋਲਨ ਵਾਪਸ ਨਹੀਂ ਲਿਆ ਗਿਆ। ਇਸ ਦੀ ਸਿਰਫ ਜਗ੍ਹਾ ਤਬਦੀਲ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਜਥੇਬੰਦੀ ਨੇ ਲੋਕਾਂ ਦੇ ਹਿੱਤ ਦੇਖਦੇ ਹੋਏ ਮਾਲ ਗੱਡੀਆਂ ਲਈ ਪਟੜੀਆਂ ਖਾਲੀ ਕਰ ਦਿੱਤੀਆਂ ਹਨ ਪਰ ਪੰਜਾਬ ਦੇ ਵਪਾਰੀਆਂ ਦਾ ਨੁਕਸਾਨ ਕਰਨ ਲਈ ਮੋਦੀ ਸਰਕਾਰ ਬਹਾਨੇ ਲਾ ਕੇ ਆਰਥਿਕ ਨਾਕਾਬੰਦੀ ਜਾਰੀ ਰੱਖ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਗੋਪੀ, ਹਰਵਿੰਦਰ ਸਿੰਘ ਖਜਾਲਾ, ਹਰਬੀਰ ਸਿੰਘ ਤਲਵਾੜਾ, ਗੁਰਪ੍ਰਤਾਪ ਸਿੰਘ, ਸੋਹਣ ਸਿੰਘ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।