ਜਸਵੰਤ ਜੱਸ
ਫ਼ਰੀਦਕੋਟ, 24 ਮਈ
ਬੇਅਦਬੀ ਮਾਮਲੇ ’ਚ ਡੇਰਾ ਪ੍ਰੇਮੀਆਂ ਦੇ ਸੱਤ ਦਿਨਾਂ ਦੇ ਪੁਲੀਸ ਰਿਮਾਂਡ ਮਗਰੋਂ ਵੀ ਵਿਸ਼ੇਸ਼ ਜਾਂਚ ਟੀਮ ਪਾੜੇ ਗਏ ਪੱਤਰੇ ਅਤੇ ਜਿਲਦ ਬਰਾਮਦ ਨਹੀਂ ਕਰ ਸਕੀ। ਦੱਸਣਯੋਗ ਹੈ ਕਿ 16 ਮਈ ਨੂੰ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਵਿੱਚ ਲਿਖਤੀ ਤੌਰ ’ਤੇ ਦਾਅਵਾ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਪਾੜੇ ਗਏ 100 ਪੱਤਰੇ ਡੇਰਾ ਪ੍ਰੇਮੀਆਂ ਵੱਲੋਂ ਪਿੰਡ ਹਰੀ ਨੌਂ ਵਿੱਚ ਖਿਲਾਰਨ ਦੀ ਯੋਜਨਾ ਸੀ।
ਟੀਮ ਅਨੁਸਾਰ ਇਹ ਪੱਤਰੇ ਹੁਣ ਵੀ ਡੇਰਾ ਪ੍ਰੇਮੀਆਂ ਕੋਲ ਹੀ ਹਨ ਪਰ ਇਨ੍ਹਾਂ ਦੀ ਬਰਾਮਦਗੀ ਨਹੀਂ ਹੋ ਸਕੀ। ਅੱਜ ਇਸ ਮਾਮਲੇ ਦੀ ਪੜਤਾਲ ਮੁਕੰਮਲ ਕਰਨ ਤੋਂ ਬਾਅਦ ਗ੍ਰਿਫ਼ਤਾਰ ਛੇ ਡੇਰਾ ਪ੍ਰੇਮੀਆਂ ਨੂੰ ਅਦਾਲਤ ਨੇ ਪਹਿਲੀ ਜੂਨ ਤੱਕ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ।
ਇਸ ਤੋਂ ਇਲਾਵਾ ਜਾਂਚ ਟੀਮ ਨੇ ਅੱਜ ਪਿੰਡ ਬਰਗਾੜੀ ਵਿੱਚ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਡੇਰਾ ਸ਼ਕਤੀ ਸਿੰਘ ਅਤੇ ਰਣਜੀਤ ਸਿੰਘ ਉਰਫ਼ ਭੋਲਾ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਦਾ 26 ਮਈ ਤੱਕ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਟੀਮ ਇਨ੍ਹਾਂ ਦੋਹਾਂ ਡੇਰਾ ਪ੍ਰੇਮੀਆਂ ਦੀ ਹੱਥ ਲਿਖਤ ਪੋਸਟਰ ਨਾਲ ਮਿਲਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਜਾਂਚ ਟੀਮ ਨੇ ਅੱਜ ਜੁਡੀਸ਼ੀਅਲ ਮੈਜਿਸਟਰੇਟ ਅਜੈ ਪਾਲ ਸਿੰਘ ਦੀ ਅਦਾਲਤ ਵਿੱਚ ਡੇਰਾ ਪ੍ਰੇਮੀਆਂ ਦੀ ਲਿਖਤੀ ਅਰਜ਼ੀ ਦਾ ਜਵਾਬ ਦਿੰਦਿਆਂ ਕਿਹਾ ਕਿ ਪੁਲੀਸ ਹਿਰਾਸਤ ਦੌਰਾਨ ਕਿਸੇ ਵੀ ਡੇਰਾ ਪ੍ਰੇਮੀ ਦੀ ਕੁੱਟਮਾਰ ਨਹੀਂ ਕੀਤੀ ਗਈ ਅਤੇ ਨਾ ਹੀ ਉਨ੍ਹਾਂ ’ਤੇ ਦੋਸ਼ ਕਬੂਲ ਕਰਨ ਦਾ ਦਬਾਅ ਬਣਾਇਆ ਗਿਆ ਹੈ।