ਰਾਮ ਸ਼ਰਨ ਸੂਦ
ਅਮਲੋਹ, 19 ਸਤੰਬਰ
ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਡਾ. ਹਰਪ੍ਰੀਤ ਸਿੰਘ ਵੱਲੋਂ ਭਾਵੇਂ ਅੱਜ ਸਵੇਰੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਦੀ ਹਾਜ਼ਰੀ ਵਿਚ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਪ੍ਰੰਤੂ 13 ਵਿਚੋਂ ਹਾਜ਼ਰ 10 ਕੌਂਸਲਰਾਂ ਵਿਚੋਂ ਕਿਸੇ ਵੀ ਕੌਂਸਲਰ ਨੇ ਪ੍ਰਧਾਨ ਨੂੰ ਮੀਟਿੰਗ ਦੌਰਾਨ ਹਮਾਇਤ ਨਹੀਂ ਦਿੱਤੀ, ਜਿਸ ਕਾਰਨ ਅੱਜ ਦੁਪਹਿਰ 3 ਵਜੇ ਰੱਖੀ ਇਸ ਮੀਟਿੰਗ ਵਿਚ ਪ੍ਰਧਾਨ ਨੂੰ ਪ੍ਰਧਾਨਗੀ ਪਦ ਤੋਂ ਮੁਕਤ ਕਰ ਦਿੱਤਾ ਗਿਆ। ਮੀਟਿੰਗ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੀ ਹਾਜ਼ਰ ਹੋਏ। ਕਾਰਜਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਹਾਜ਼ਰ 10 ਕੌਂਸਲਰਾਂ ਨੇ ਪ੍ਰਧਾਨ ਖਿਲਾਫ਼ ਬੇਭਰੋਸਗੀ ਜ਼ਾਹਿਰ ਕੀਤੀ। ਇਸ ਮੀਟਿੰਗ ਵਿਚ ਇੱਕ ਕੌਂਸਲਰ ਹਰਵਿੰਦਰ ਵਾਲੀਆ ਦੇਰੀ ਨਾਲ ਪਹੁੰਚੇ ਜਦੋਂਕਿ ਇੱਕ ਕੌਂਸਲਰ ਵਿਦੇਸ਼ ਗਈ ਹੋਈ ਹੈ। ਦਿਲਚਸਪ ਗੱਲ ਇਹ ਹੈ ਕਿ ਕੌਂਸਲ ਪ੍ਰਧਾਨ ਖਿਲਾਫ਼ ਕੌਂਸਲਰਾਂ ਨੇ 22-8-2022 ਨੂੰ ਬੇਭਰੋਸਗੀ ਜ਼ਾਹਿਰ ਕਰਦੇ ਹੋਏ ਮੀਟਿੰਗ ਬੁਲਾਉਣ ਦਾ ਸੱਦਾ ਦਿੱਤਾ ਸੀ, ਜਿਸ ਦੇ ਆਧਾਰ ’ਤੇ ਕੌਂਸਲ ਪ੍ਰਧਾਨ ਨੇ ਅੱਜ ਬਾਅਦ ਦੁਪਹਿਰ ਇਹ ਮੀਟਿੰਗ ਬੁਲਾਈ ਸੀ। ਕੌਂਸਲ ਪ੍ਰਧਾਨ ਨੇ ਭਾਵੇਂ ਪ੍ਰਧਾਨਗੀ ਪਦ ਬਚਾਉਣ ਲਈ ਭਾਜਪਾ ਦਾ ਸਹਾਰਾ ਲਿਆ ਸੀ, ਜਿਸ ਕਾਰਨ ਉਸ ਦੇ ਨਾਲ ਸਾਥ ਦੇ ਰਹੀ ਇੱਕ ਮਹਿਲਾ ਕੌਂਸਲਰ ਬਲਵਿੰਦਰ ਕੌਰ ਵੀ ਉਸ ਦਾ ਸਾਥ ਛੱਡ ਗਈ ਜਦੋਂਕਿ ਉਸ ਦੇ ਨਾਲ ਭਾਜਪਾ ਵਿਚ ਸ਼ਾਮਲ ਹੋਏ ਰਾਜਾ ਰਾਮ ਜਿਸ ਦੀ ਪਤਨੀ ਕਮਲਜੀਤ ਕੌਰ ਵਾਰਡ ਨੰਬਰ 7 ਦੀ ਕੌਂਸਲਰ ਹੈ, ਨੇ ਵੀ ਪ੍ਰਧਾਨ ਦਾ ਸਾਥ ਨਹੀਂ ਦਿੱਤਾ ਅਤੇ ਨਾ ਹੀ ਭਾਜਪਾ ਦੇ ਨਿਸ਼ਾਨ ਉੱਪਰ ਚੋਣ ਜਿੱਤਣ ਵਾਲੇ ਕੌਂਸਲਰਾਂ ਵਿਚੋਂ ਕਿਸੇ ਨੇ ਮੀਟਿੰਗ ਵਿਚ ਉਸ ਦਾ ਸਾਥ ਦਿੱਤਾ। ਬਾਅਦ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨਿੰਦਰ ਸਿੰਘ ਮਨੀ ਬੜਿੰਗ, ਦਰਸ਼ਨ ਸਿੰਘ ਚੀਮਾ, ਰਣਜੀਤ ਸਿੰਘ ਪਨਾਗ ਅਜਨਾਲੀ, ਕੌਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ, ਹੈਪੀ ਸੂਦ, ਅਕਾਲੀ ਦਲ ਦੇ ਸਰਕਲ ਪ੍ਰਧਾਨ ਰਾਕੇਸ਼ ਸ਼ਾਹੀ, ਭਾਜਪਾ ਆਗੂ ਪੰਮੀ ਜਿੰਦਲ ਆਦਿ ਵੀ ਇਸ ਮੌਕੇ ਸ਼ਾਮਲ ਹੋਏ ਅਤੇ ਕੌਂਸਲਰਾਂ ਦੀ ਇੱਕਮੁੱਠਤਾ ਕਾਰਨ ਉਨ੍ਹਾਂ ਨੂੰ ਵਧਾਈ ਦਿੱਤੀ।
ਕੌਂਸਲ ਪ੍ਰਧਾਨ ਸਮੇਤ ਕਈ ਕਾਂਗਰਸ ਤੇ ‘ਆਪ’ ਆਗੂ ਭਾਜਪਾ ’ਚ ਸ਼ਾਮਲ
ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਡਾ. ਹਰਪ੍ਰੀਤ ਸਿੰਘ, ਅਮਲੋਹ ਦੇ ਵਾਰਡ ਨੰਬਰ 7 ਦੀ ਕੌਂਸਲਰ ਕਮਲਜੀਤ ਕੌਰ ਦੇ ਪਤੀ ਰਾਜਾ ਰਾਮ, ਭਗਵਾਨਪੁਰਾ ਦੇ ਨੰਬਰਦਾਰ ਮੇਵਾ ਸਿੰਘ ਅਤੇ ਅਮਲੋਹ ਨਿਵਾਸੀ ਅਨੂੰ ਠਾਕੁਰ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਵਾਲਮੀਕਿ ਸਭਾ ਦੇ ਕੌਮੀ ਚੇਅਰਮੈਨ ਅਤੇ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕੀ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਦੀ ਅਗਵਾਈ ਹੇਠ ਕਾਂਗਰਸ ਅਤੇ ‘ਆਪ’ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਮਿੱਤਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ ਨਰਾਇਣਗੜ੍ਹ, ਜ਼ਿਲ੍ਹਾ ਖ਼ਜ਼ਾਨਚੀ ਰਾਕੇਸ਼ ਗਰਗ, ਮਦਨ ਧੀਮਾਨ, ਕੌਂਸਲਰ ਹਰਵਿੰਦਰ ਵਾਲੀਆ ਆਦਿ ਹਾਜ਼ਰ ਸਨ। ਇਸ ਮੌਕੇ ਭਾਜਪਾ ਆਗੂਆਂ ਨੇ ਭਰੋਸਾ ਦਿੱਤਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ।ਇੱਥੇ ਵਰਨਣਯੋਗ ਹੈ ਕਿ ਕੌਂਸਲ ਪ੍ਰਧਾਨ ਖਿਲਾਫ਼ ਅੱਜ ਬਾਅਦ ਦੁਪਹਿਰ ਬੇਭਰੋਸਗੀ ਮਤਾ ਰੱਖਿਆ ਹੋਇਆ ਸੀ, ਜਿਸ ਵਿਚ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਵਜੂਦ ਵੀ ਭਾਜਪਾ ਦੇ ਕੌਂਸਲਰਾਂ ਨੇ ਵੀ ਉਸ ਦਾ ਸਾਥ ਨਾ ਦੇਣ ਕਾਰਨ ਉਸ ਨੂੰ ਪ੍ਰਧਾਨਗੀ ਪਦ ਤੋਂ ਹੱਥ ਧੋਣੇ ਪਏ। ਇਹ ਮਾਮਲਾ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।