ਸ਼ਸ਼ੀ ਪਾਲ ਜੈਨ
ਖਰੜ, 2 ਅਕਤੂਬਰ
ਖਰੜ ਵਿੱਚ ਈਟੀਟੀ ਪਾਸ ਬੇਰੁਜ਼ਗਾਰ ਯੂਨੀਅਨ ਨੇ ਅੱਜ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ। ਇਸ ਦੌਰਾਨ ਯੂਨੀਅਨ ਦਾ ਮੈਂਬਰ ਮਨਦੀਪ ਕੁਮਾਰ ਵਾਸੀ ਫਾਜ਼ਿਲਕਾ ਪੈਟਰੋਲ ਲੈ ਕੇ ਮੁੱਖ ਮੰਤਰੀ ਦੀ ਕੋਠੀ ਨੂੰ ਜਾਂਦੇ ਰਾਹ ਨੇੜੇ ਬਣੀ ਹੋਈ ਪਾਣੀ ਦੀ ਟੈਂਕੀ ’ਤੇ ਚੜ੍ਹ ਗਿਆ। ਇਸੇ ਦੌਰਾਨ ਉਸ ਦੇ ਹੋਰ ਸਾਥੀਆਂ ਨੇ ਟੈਂਕੀ ਹੇਠਾਂ ਬੈਠ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਨਦੀਪ ਕੁਮਾਰ ਨੇ ਮੁੱਖ ਮੰਤਰੀ ਦੇ ਨਾਂ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦਾ ਟੈਸਟ 6635 ਅਸਾਮੀਆਂ ਦੀ ਭਰਤੀ ਤੋਂ ਪਹਿਲਾਂ ਕਰਵਾਇਆ ਜਾਵੇ। ਉਸ ਨੇ ਕਿਹਾ ਕਿ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਉਸ ਨੂੰ ਟੈਂਕੀ ’ਤੇ ਚੜ੍ਹਨਾ ਪਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਉਸ ਨਾਲ ਧੱਕਾ ਕੀਤਾ ਜਾਂ ਉਸ ਨੂੰ ਟੈਂਕੀ ਤੋਂ ਹੇਠਾਂ ਉਤਰਨ ਲਈ ਮਜਬੂਰ ਕੀਤਾ ਤਾਂ ਉਸ ਵੱਲੋਂ ਚੁੱਕੇ ਗਏ ਕਦਮ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਮਨਦੀਪ ਨੇ ਇੱਕ ਵੀਡੀਓ ਵੀ ਬਣਾਈ ਹੈ, ਜਿਸ ਵਿੱਚ ਉਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਧਰਨਾਕਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਹ ਖ਼ੁਦ ਨੂੰ ਅੱਗ ਲਵਾ ਲਵੇਗਾ। ਧਰਨੇ ਵਾਲੀ ਥਾਂ ’ਤੇ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਸੀ। ਧਰਨਾਕਾਰੀਆਂ ਨੇ ਪੁਲੀਸ ’ਤੇ ਉਨ੍ਹਾਂ ਨੂੰ ਝੂਠੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਦੇਣ ਦਾ ਵੀ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਪੱਕੇ ਤੌਰ ’ਤੇ ਇੱਥੇ ਧਰਨਾ ਲਾਉਣਗੇ। ਖ਼ਬਰ ਲਿਖੇ ਜਾਣ ਧਰਨਾ ਜਾਰੀ ਸੀ।