ਇਕਬਾਲ ਸਿੰਘ ਸ਼ਾਂਤ
ਡੱਬਵਾਲੀ/ਲੰਬੀ, 21 ਨਵੰਬਰ
ਦਿੱਲੀ ਸੰਘਰਸ਼ ਦੇ ਰਾਹ ਦਾ ਪਹਿਲਾ ਪੜਾਅ ਡੱਬਵਾਲੀ ਇਲਾਕਾ ਸੰਘਰਸ਼ੀ ਯੋਧਿਆਂ ਦੇ ਸਵਾਗਤ ਲਈ ਰਸਦੀ ਕੈਂਪ ਅਤੇ ਜਥੇਬੰਦੀ ਛਾਉਣੀ ਵਜੋਂ ਸਥਾਪਤ ਹੋ ਗਿਆ ਹੈ। ਇਸ ਸਬੰਧੀ ਕਿਸਾਨ-ਮਜ਼ਦੂਰ ਅਤੇ ਜਨਤਕ ਜਥੇਬੰਦੀਆਂ ਨੇ ਮੰਡੀ ਕਿੱਲਿਆਂਵਾਲੀ-ਡੱਬਵਾਲੀ ਸਰਹੱਦ ’ਤੇ ਲੋੜੀਂਦੇ ਪ੍ਰਬੰਧਾਂ ਲਈ ਜ਼ਮੀਨੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ 26 ਤੇ 27 ਨਵੰਬਰ ਦੇ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ’ਚ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ 9 ਜ਼ਿਲ੍ਹਿਆਂ ਦੇ ਲਗਪਗ ਇੱਕ ਲੱਖ ਕਿਸਾਨ ਡੱਬਵਾਲੀ ਰਾਹੀਂ ਦਿੱਲੀ ਵੱਲ ਕੂਚ ਕਰਨਗੇ। ਇਨ੍ਹਾਂ ਕਿਸਾਨ ਯੋਧਿਆਂ ਦੇ ਸਵਾਗਤ ਅਤੇ ਰਸਦੀ ਪ੍ਰਬੰਧਾਂ ਨੂੰ ਬਲ ਬਖਸ਼ਣ ਲਈ ਅੱਜ ਯੂਨੀਅਨ ਅਤੇ ਸਮਰਥਨ ਕਮੇਟੀ ਦੇ ਆਗੂਆਂ ਦੀ ਮੀਟਿੰਗ ਚੌਧਰੀ ਦੇਵੀ ਲਾਲ ਯਾਦਗਾਰੀ ਸਮਾਰਕ ਵਿੱਚ ਹੋਈ। ਇਸ ਮੀਟਿੰਗ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ, ਬਿਜਲੀ ਕਾਮਿਆਂ ਦੇ ਆਗੂ ਸੁਖਦਰਸ਼ਨ ਸਿੰਘ ਨੇ ਸੰਬੋਧਨ ਕੀਤਾ। ਸੂਤਰਾਂ ਦਾ ਕਹਿਣਾ ਹੈ ਕਿ ਹਰਿਆਣਾ ਤੇ ਕੇਂਦਰ ਸਰਕਾਰ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਕਿਸੇ ਕੀਮਤ ’ਤੇ ਡੱਬਵਾਲੀ ਜਾਂ ਖੂਈਆਂ ਮਲਕਾਣਾ ਟੌਲ ਪਲਾਜ਼ਾ ਤੋਂ ਅਗਾਂਹ ਨਹੀਂ ਵਧਣ ਦੇਵੇਗੀ। ਇਸ ਦੇ ਮੱਦੇਨਜ਼ਰ ਡੱਬਵਾਲੀ ਵਿੱਚ ਧਰਨੇ ਲਈ ਅਗਾਊਂ ਤਿਆਰੀਆਂ ਜਾਰੀ ਹਨ। ਇਸ ਮੌਕੇ ਐੱਸਪੀ ਮਸੀਤਾਂ ਨੇ ਦੱਸਿਆ ਕਿ ਦਿੱਲੀ ਦੇ ਰਾਹ ਵਿੱਚ ਹਰਿਆਣਾ ਕਿਸਾਨ ਏਕਤਾ ਵੱਲੋਂ ਲੰਗਰ ਅਤੇ ਦਵਾਈਆਂ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਕੁਲਵੰਤ ਰਾਏ ਸ਼ਰਮਾ, ਮਲਕੀਤ ਸਿੰਘ ਗੱਗੜ, ਭੁਪਿੰਦਰ ਸਿੰਘ ਚੰਨੂ, ਡਾਕਟਰ ਹਰਪਾਲ ਸਿੰਘ, ਸੁਖਬੀਰ ਸਿੰਘ ਵੜਿੰਗ ਖੇੜਾ ਤੇ ਹੋਰ ਮੌਜੂਦ ਸਨ।