ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਮਈ
ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਗੁਟਕਾ ਸਾਹਿਬ ਛਾਪਣ ਬਾਰੇ ਤਾਂ ਕਈ ਨਿਯਮ ਬਣੇ ਹਨ ਪਰ ਗੁਰਬਾਣੀ ਨੂੰ ਇੰਟਰਨੈੱਟ ’ਤੇ ਡਿਜੀਟਲ ਰੂਪ ਵਿਚ ਲਿਆਉਣ ਸਬੰਧੀ ਹੁਣ ਤਕ ਕੋਈ ਨਿਯਮ ਨਹੀਂ ਹੈ, ਜਿਸ ਕਾਰਨ ਗੁਰਬਾਣੀ ਦੇ ਡਿਜੀਟਲ ਰੂਪ ਵਿੱਚ ਕਈ ਵੱਡੀਆਂ ਗ਼ਲਤੀਆਂ ਤੇ ਊਣਤਾਈਆਂ ਸਾਹਮਣੇ ਆਈਆਂ ਹਨ। ਇਹ ਮਾਮਲਾ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਭਾਰਿਆ ਗਿਆ ਹੈ। ਉਨ੍ਹਾਂ 21 ਅਜਿਹੀਆਂ ਮੋਬਾਈਲ ਐਪਸ ਦੀ ਜਾਂਚ ਕੀਤੀ ਹੈ, ਜਿਨ੍ਹਾਂ ਵਿੱਚ ਨਿਤਨੇਮ ਦੀਆਂ ਬਾਣੀਆਂ ਵਿੱਚ ਕਈ ਗਲਤੀਆਂ ਹਨ।
ਇਹ ਮਾਮਲਾ ਬੀਤੇ ਦਿਨ ਅਕਾਲ ਤਖ਼ਤ ਵਿਖੇ ਸੱਦੀ ਗਈ ਪੰਥਕ ਜਥੇਬੰਦੀਆਂ ਦੀ ਮੀਟਿੰਗ ਸਮੇਂ ਉਭਰਿਆ ਸੀ। ਇਸ ਸਬੰਧੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਇਕ ਮਹੀਨੇ ਵਿੱਚ ਇਨ੍ਹਾਂ ਐਪਸ ’ਤੇ ਚੱਲ ਰਹੀਆਂ ਨਿਤਨੇਮ ਦੀਆਂ ਬਾਣੀਆਂ ਵਿੱਚ ਤਰੁਟੀਆਂ ਨੂੰ ਦੂਰ ਕਰਾਉਣ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਕੇ ਬੰਦ ਕਰਵਾਇਆ ਜਾਵੇ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਅਜਿਹੀਆਂ 21 ਐਪਸ ਦੀ ਇਕ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਵਿੱਚ ਅਪਲੋਡ ਗੁਰਬਾਣੀ ’ਚੋਂ ਸਿਰਫ ਨਿਤਨੇਮ ਦੀਆਂ ਬਾਣੀਆਂ ਦੀ ਹੀ ਜਾਂਚ ਕੀਤੀ ਗਈ ਹੈ। ਇਨ੍ਹਾਂ ਬਾਣੀਆਂ ਵਿੱਚ ਲਗਾ ਮਾਤਰਾ ਅਤੇ ਹੋਰ ਕਈ ਗਲਤੀਆਂ ਹਨ, ਜੋ ਨਿਰੰਤਰ ਇਸੇ ਤਰ੍ਹਾਂ ਚਲ ਰਹੀਆਂ ਹਨ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਐਪਸ ’ਤੇ ਮੌਜੂਦਾ ਤਰੁਟੀਆਂ ਦੀ ਇਕ ਮਹੀਨੇ ਵਿਚ ਸੁਧਾਈ ਕਰਾਉਣ ਲਈ ਆਖਿਆ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਇਨ੍ਹਾਂ ਐਪਸ ਨੂੰ ਕਾਨੂੰਨੀ ਨੋਟਿਸ ਭੇਜੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਐਪਸ ਲਾਂਚ ਕਰਨ ਤੋਂ ਪਹਿਲਾਂ ਇਸ ਸਬੰਧੀ ਅਕਾਲ ਤਖ਼ਤ ਤੋਂ ਪ੍ਰਵਾਨਗੀ ਲੈਣੀ ਚਾਹੀਦੀ ਹੈ। ਇੰਟਰਨੈਟ ’ਤੇ ਚੱਲ ਰਹੀਆਂ ਇਨ੍ਹਾਂ ਗੁਰਬਾਣੀ ਐਪਸ ਬਾਰੇ ਲੋਕਾਂ ਵੱਲੋਂ ਵੀ ਇੰਟਰਨੈਟ ’ਤੇ ‘ਫੀਡਬੈਕ’ ਦਿੱਤੀ ਗਈ ਹੈ, ਜਿਸ ਵਿਚ ਲਗਾ ਮਾਤਰਾ ਦੀਆਂ ਗ਼ਲਤੀਆਂ ਅਤੇ ਕਈ ਥਾਵਾਂ ਤੋਂ ਗੁਰਬਾਣੀ ਦੀਆਂ ਤੁਕਾਂ ਨਾ ਹੋਣ ਆਦਿ ਦੀਆਂ ਵੀ ਸ਼ਿਕਾਇਤਾਂ ਸ਼ਾਮਲ ਹਨ।
ਧਾਮੀ ਨੇ ਲੋੜੀਂਦੀ ਕਾਰਵਾਈ ਕਰਨ ਦਾ ਦਿੱਤਾ ਭਰੋਸਾ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਇਹ ਇਕ ਗੰਭੀਰ ਮਾਮਲਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਮਾਮਲਾ ਕੁਝ ਸਮਾਂ ਪਹਿਲਾਂ ਵੀ ਉਭਰਿਆ ਸੀ ਅਤੇ ਉਸ ਵੇਲੇ ਕੁਝ ਸਿੱਖ ਜਥੇਬੰਦੀਆਂ ਨੇ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਇਹ ਸ਼ਿਕਾਇਤਾਂ ਨੂੰ ਅਣਡਿੱਠਾ ਕੀਤੇ ਜਾਣ ਕਾਰਨ ਐਪਸ ’ਤੇ ਗਲਤੀਆਂ ਜਿਵੇਂ ਦੀਆਂ ਤਿਵੇਂ ਚੱਲ ਰਹੀਆਂ ਹਨ।