ਸਰਬਜੀਤ ਭੰਗੂ
ਪਟਿਆਲਾ, 6 ਜੁਲਾਈ
ਸੂਬੇ ਵਿੱਚ ਮੰਗਲਵਾਰ ਨੂੰ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਦਰਜ ਕੀਤੀ ਗਈ ਤੇ ਇਸ ਦੇ ਮੁਕਾਬਲੇ ਪਾਵਰਕੌਮ ਵੱਲੋਂ ਕੀਤੀ ਗਈ ਬਿਜਲੀ ਦੀ ਸਪਲਾਈ ਵੀ ਲਗਪਗ ਇੰਨੀ ਹੀ ਰਹੀ। ਇਸ ਤਰ੍ਹਾਂ ਮੰਗ ਅਤੇ ਸਪਲਾਈ ਦਰਮਿਆਨ ਕੋਈ ਖੱਪਾ ਨਹੀਂ ਬਣਿਆ। ਪਾਵਰਕੌਮ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਅੱਜ ਕਰੀਬ 8 ਹਜ਼ਾਰ ਮੈਗਾਵਾਟ ਬਿਜਲੀ ਬਾਹਰੋਂ ਲਈ ਗਈ, ਜਦਕਿ ਤਕਰੀਬਨ 5 ਹਜ਼ਾਰ ਮੈਗਾਵਾਟ ਬਿਜਲੀ ਦੀ ਪੈਦਾਵਾਰ ਪੰਜਾਬ ਅੰਦਰ ਹੀ ਵੱਖ-ਵੱਖ ਸਰੋਤਾਂ ਰਾਹੀਂ ਕੀਤੀ ਗਈ।
ਉਧਰ ਅੱਜ ਕਰੀਬ ਛੇ ਮਹੀਨਿਆਂ ਮਗਰੋਂ ਦੋ ਕੁ ਹਫ਼ਤੇ ਪਹਿਲਾਂ ਹੀ ਮੁੜ ਚੱੱਲਿਆ 540 ਮੈਗਾਵਾਟ ਵਾਲਾ ਜੀਵੀਕੇ ਥਰਮਲ ਪਲਾਂਟ ਦਾ ਯੂਨਿਟ ਨੰਬਰ ਦੋ ਅੱਜ ਮੁੜ ਬੰਦ ਹੋ ਗਿਆ। ਇਥੇ ਦੋ ਯੂਨਿਟ ਹਨ। ਇਸੇ ਤਰ੍ਹਾਂ ਰੋਪੜ ਦਾ ਵੀ ਇੱਕ ਯੂਨਿਟ ਬੰਦ ਹੈ। ਲਹਿਰਾ ਮੁਹੱਬਤ ਥਰਮਲ ਦਾ ਇੱਕ ਯੂਨਿਟ ਪਹਿਲਾਂ ਹੀ ਬੰਦ ਸੀ ਤੇ ਅੱਜ ਇੱਕ ਹੋਰ ਬੰਦ ਹੋ ਗਿਆ। ਉਧਰ ਰਾਜ ਦੇ ਥਰਮਲਾਂ ’ਤੇ ਕੋਲੇ ਦੀ ਸਥਿਤੀ ’ਤੇ ਧਿਆਨ ਮਾਰੀਏ ਤਾਂ ਸਭ ਤੋਂ ਵੱਧ 28 ਦਿਨਾਂ ਦਾ ਕੋਲਾ ਰੋਪੜ ਥਰਮਲ ਕੋਲ ਮੌਜੂਦ ਹੈ, ਜਦਕਿ ਦੂਜੇ ਨੰਬਰ ’ਤੇ ਨਾਭਾ ਥਰਮਲ ਪਲਾਂਟ ਵਿੱਚ 23 ਦਿਨਾਂ ਦਾ ਕੋਲਾ ਸਟੋਰ ਕੀਤਾ ਹੋਇਆ ਹੈ। ਇਸੇ ਤਰ੍ਹਾਂ ਲਹਿਰਾ ਮੁਹੱਬਤ ਕੋਲ ਵੀ 22 ਦਿਨਾਂ ਦਾ ਕੋਲਾ ਪਿਆ ਹੈ, ਪਰ ਗੋਇੰਦਵਾਲ ਸਾਹਿਬ ਥਰਮਲ ਕੋਲ ਸਿਰਫ਼ ਦੋ ਦਿਨਾਂ ਦਾ ਅਤੇ ਤਲਵੰਡੀ ਸਾਬੋ ਕੋਲ ਪੰਜ ਦਿਨਾਂ ਦਾ ਕੋਲਾ ਬੱਚਦਾ ਹੈ। ਇਸੇ ਦੌਰਾਨ ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾ ਦਾ ਕਹਿਣਾ ਸੀ ਕਿ ਝੋਨੇ ਅਤੇ ਗਰਮੀ ਦੇ ਇਸ ਸੀਜ਼ਨ ’ਚ ਪਾਵਰਕੌਮ ਵੱਲੋਂ ਬਿਜਲੀ ਦੀ ਤੋਟ ਨਹੀਂ ਆਉਣ ਦਿੱਤੀ ਜਾਵੇਗੀ।